ਅੱਧਾ ਕਿੱਲੋ ਹੈਰੋਇਨ ਸਮੇਤ ਮੁਲਜ਼ਮ ਕਾਬੂ

ਲੁਧਿਆਣਾ ਪੁਲੀਸ ਦੇ ਐੱਸਟੀਐੱਫ਼ ਨੇ ਅੱਧਾ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ਼ ਮਨੀ ਵਾਸੀ ਪ੍ਰਭਾਤ ਨਗਰ ਢੋਲੇਵਾਲ ਵਜੋਂ ਹੋਈ ਹੈ। ਉਸ ਨੂੰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤਾ।
ਇਸ ਸਬੰਧੀ ਅੱਜ ਪੱਤਰਕਾਰ ਮਿਲਣੀ ਦੌਰਾਨ ਐੱਸਟੀਐੱਫ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸਮਰਾਲਾ ਚੌਕ ਨੇੜੇ ਨਾਕਾਬੰਦੀ ਕੀਤੀ ਸੀ, ਜਿੱਥੇ ਟਰਾਂਸਪੋਰਟ ਨਗਰ ਵੱਲ ਜਾਂਦਿਆਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕੀਤਾ। ਮੁਲਜ਼ਮ ਬਿਨਾਂ ਨੰਬਰ ਪਲੇਟ ਲੱਗੇ ਮੋਟਰਸਾਈਕਲ ’ਤੇ ਸਵਾਰ ਸੀ। ਜਦੋਂ ਉਸ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਦੇ ਲੱਕ ਨਾਲ ਬੰਨ੍ਹੇ ਕੱਪੜੇ ਵਿੱਚੋਂ ਪੁਲੀਸ ਨੇ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ। ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ।
ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਹ ਇੱਕ ਫੈਕਟਰੀ ’ਚ ਸਿਲਾਈ ਦਾ ਕੰਮ ਕਰਦਾ ਸੀ। ਬੀਤੇ ਇੱਕ ਸਾਲ ਤੋਂ ਉਹ ਬੇਰੁਜ਼ਗਾਰ ਸੀ। ਇਸ ਦੌਰਾਨ ਉਸ ਦਾ ਸੰਪਰਕ ਦਿੱਲੀ ਰਹਿੰਦੇ ਇੱਕ ਨਾਇਜੀਰੀਅਨ ਨਾਲ ਹੋਇਆ। ਉਹ ਉਸ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਤੇ ਨੇੜਲੇ ਪਿੰਡਾਂ ’ਚ ਮਹਿੰਗੇ ਭਾਅ ’ਤੇ ਸਪਲਾਈ ਕਰਨ ਲੱਗਿਆ। ਪੁਲੀਸ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਮੁਲਜ਼ਮ ਨੇ ਦੱਸਿਆ ਕਿ ਮਹੀਨਾ ਪਹਿਲਾਂ ਉਸ ਨੂੰ ਕਥਿਤ ਤੌਰ ’ਤੇ ਦਿੱਲੀ ਪੁਲੀਸ ਦੀ ਵਰਦੀ ਪਾਏ ਵਿਅਕਤੀਆਂ ਨੇ ਕਰਨਾਲ ਬਾਈਪਾਸ ਨੇੜੇ ਕਾਬੂ ਕੀਤਾ ਸੀ ਤੇ ਉਹ ਉੱਥੇ ਨੇੜਲੀ ਪੁਲੀਸ ਚੌਕੀ ਵਿੱਚ ਲੈ ਗਏ ਤੇ ਉਸ ਨੂੰ ਇੱਕ ਰਾਤ ਉੱਥੇ ਰੱਖਿਆ। ਉਸ ਨੂੰ ਇੱਕ ਅਕਾਊਂਟ ਨੰਬਰ ਦਿੱਤਾ ਗਿਆ ਤੇ ਕਥਿਤ ਤੌਰ ’ਤੇ 90 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।
ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਅਕਾਊਂਟ ਵਿੱਚ ਪੈਸੇ ਪਵਾਏ ਤੇ ਅਗਲੇ ਦਿਨ ਉਸ ਨੂੰ ਛੱਡ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੁਣ ਉਹ ਦਿੱਲੀ ਪੁਲੀਸ ਨੂੰ ਚਿੱਠੀ ਲਿਖ ਕੇ ਮਾਮਲੇ ਬਾਰੇ ਜਾਣੂ ਕਰਵਾ ਰਹੇ ਹਨ ਤੇ ਅਕਾਊਂਟ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਤਾਰ ਅਤੇ ਸਪੋਰਟ ਟੁੱਟਣ ਕਾਰਨ ਝੂਲਾ ਬੇਕਾਬੂ, ਬੱਚੀ ਜ਼ਖ਼ਮੀ
Next articleਯੂਥ ਓਲੰਪਿਕ: ਆਕਾਸ਼ ਨੇ ਤੀਰਅੰਦਾਜ਼ੀ ’ਚ ਭਾਰਤ ਲਈ ਚਾਂਦੀ ਦਾ ਪਹਿਲਾ ਤਗ਼ਮਾ ਜਿੱਤਿਆ