ਸੰਬਲਪੁਰ (ਉੜੀਸਾ) (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ‘ਲੋਕਲ ਨੂੰ ਗਲੋਬਲ’ ਬਣਾਉਣ ਲਈ ਨਵੇਂ ਅਤੇ ਨੁਹਾਰ ਬਦਲਣ ਵਾਲੇ ਸੁਝਾਅ ਦੇਣ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਅੱਜ ਦੇ ਸਟਾਰਟ-ਅੱਪ ਭਵਿੱਖ ਦੀਆਂ ਬਹੁ-ਕੌਮੀ ਕੰਪਨੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਨਵੀਨਤਾ, ਦਿਆਨਤਦਾਰੀ ਅਤੇ ਸਮੁੱਚਤਾ ਮੈਨੇਜਮੈਂਟ ਦੇ ਖੇਤਰ ’ਚ ਅਹਿਮ ਮੰਤਰ ਵਜੋਂ ਉਭਰ ਕੇ ਆਏ ਹਨ ਜੋ ਮੁਲਕ ਨੂੰ ਆਤਮ-ਨਿਰਭਰ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ’ਚ ਸਹਾਈ ਸਾਬਿਤ ਹੋ ਸਕਦੇ ਹਨ।
ਵੀਡੀਓ ਕਾਨਫਰੰਸਿੰਗ ਰਾਹੀਂ ਇਥੇ ਆਈਆਈਐੱਮ-ਸੰਬਲਪੁਰ ਦੇ ਸਥਾਈ ਕੈਂਪਸ ਦਾ ਨੀਂਹ ਪੱਥਰ ਰੱਖਣ ਮਗਰੋਂ ਉਨ੍ਹਾਂ ਕਿਹਾ ਕਿ ਪ੍ਰਬੰਧਨ ਦੇ ਖੇਤਰ ’ਚ ਸਹਿਯੋਗ ਪੂਰਨ, ਨਿਵੇਕਲੀਆਂ ਅਤੇ ਨੁਹਾਰ ਬਦਲਣ ਵਾਲੀਆਂ ਧਾਰਨਾਵਾਂ ਦੀ ਸਹਾਇਤਾ ਨਾਲ ਆਤਮ-ਨਿਰਭਰ ਭਾਰਤ ਦੇ ਨਿਸ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤਕਨਾਲੋਜੀ ਕਾਰਨ ਖ਼ਿੱਤਿਆਂ ਵਿਚਕਾਰ ਘਟਦੀਆਂ ਦੂਰੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਡਿਜੀਟਲ ਕੁਨੈਕਟੀਵਿਟੀ ਸੈਕਟਰ ’ਚ ਤੇਜ਼ੀ ਨਾਲ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਦੁਨੀਆ ਦਾ ਮੁਕਾਬਲਾ ਕੀਤਾ ਜਾ ਸਕੇ। ਉਨ੍ਹਾਂ ਕਿਹਾ,‘‘ਤਕਨਾਲੋਜੀ ਦਾ ਪ੍ਰਬੰਧਨ ਮਨੁੱਖੀ ਪ੍ਰਬੰਧਨ ਵਾਂਗ ਅਹਿਮ ਹੈ।’’