ਅੰਮ੍ਰਿਤਸਰ ਵਿੱਚ ਲੋਕਾਂ ਦੀ ਸਿਹਤ ਜਾਂਚ ਲਈ ਮੁਹਿੰਮ ਦਾ ਪਹਿਲਾ ਪੜਾਅ ਸ਼ੁਰੂ

ਅੰਮ੍ਰਿਤਸਰ  (ਸਮਾਜਵੀਕਲੀ) ਸ਼ਹਿਰ ਦੇ ਕੁੱਝ ਅਜਿਹੇ ਪ੍ਰਭਾਵਿਤ ਇਲਾਕੇ ਜਿਥੋਂ ਬਿਨਾਂ ਵਿਦੇਸ਼ ਯਾਤਰਾ ਵਾਲੇ ਕਰੋਨਾਵਾਇਰਸ ਪੀੜਤ ਮਿਲੇ ਹਨ, ਵਿਖੇ ਹਰ ਘਰ ਅਤੇ ਹਰ ਵਿਅਕਤੀ ਦੀ ਸਕਰੀਨਿੰਗ ਕਰਾਉਣ ਦੀ ਮੁਹਿੰਮ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਅੱਜ ਘਰਾਂ ਵਿਚ ਜਾਣ ਵਾਲੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਟੀਮਾਂ ਨੂੰ ਜਾਂਚ ਵਿਚ ਵਰਤੇ ਜਾਣ ਵਾਲਾ ਸਮਾਨ ਵੰਡਿਆ ਗਿਆ ਹੈ। ਇਹ ਟੀਮਾਂ ਭਲਕੇ ਇਨ੍ਹਾਂ ਇਲਾਕਿਆਂ ਦੇ ਘਰ ਘਰ ਵਿਚ ਜਾ ਕੇ ਹਰ ਵਿਅਕਤੀ ਦੀ ਸਿਹਤ ਦੀ ਜਾਂਚ ਕਰਨਗੀਆਂ ਅਤੇ ਉਨ੍ਹਾਂ ਦੇ ਵਿਦੇਸ਼ ਯਾਤਰਾ ਸਬੰਧੀ ਵੇਰਵੇ ਵੀ ਇਕੱਠੇ ਕਰਨਗੇ।

ਇਥੇ ਦੱਸਣਯੋਗ ਹੈ ਕਿ ਕ੍ਰਿਸ਼ਨਾ ਨਗਰ ਅਤੇ ਅੰਤਰਯਾਮੀ ਕਲੋਨੀ ਵਿਚੋਂ ਤਿੰਨ ਅਜਿਹੇ ਕਰੋਨਾ ਪੀੜਤ ਮਰੀਜ਼ ਮਿਲੇ ਸਨ, ਜਿਨ੍ਹਾਂ ਦਾ ਵਿਦੇਸ਼ ਯਾਤਰਾ ਨਾਲ ਕੋਈ ਸਬੰਧ ਨਹੀਂ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਵਲੋਂ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਨ ਦਾ ਵੱਡਾ ਫੈਸਲਾ ਕੀਤਾ ਹੈ, ਜਿਸ ਤਹਿਤ ਇਨ੍ਹਾਂ ਇਲਾਕਿਆਂ ਵਿਚ ਪਾਇਲਟ ਪ੍ਰੋਜੈਕਟ ਵਜੋਂ ਹਰੇਕ ਘਰ ਵਿਚ ਹਰੇਕ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਵੇਗੀ।

ਅੱਜ ਇਸ ਦੇ ਪਹਿਲੇ ਪੜਾਅ ਵਿਚ ਰੈੱਡਕਰਾਸ ਵਲੋਂ ਇਨ੍ਹਾਂ ਇਲਾਕਿਆਂ ਵਿੱਚ ਜਾਣ ਵਾਲੀਆਂ 50 ਟੀਮਾਂ ਨੂੰ ਜਾਂਚ ਵਿਚ ਵਰਤੇ ਜਾਣ ਵਾਲਾ ਸਮਾਨ, ਮਾਸਕ, ਦਸਤਾਨੇ, ਸੈਨੇਟਾਈਜ਼ਰ, ਪੀਪੀਈ ਕਿੱਟਾਂ ਆਦਿ ਦਿੱਤਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

ਪਹਿਲੇ ਗੇੜ ਵਿਚ ਕਾਂਗੜਾ ਕਲੋਨੀ, ਅਮਰਕੋਟ, ਸੁੰਦਰ ਨਗਰ , ਅੰਤਰਯਾਮੀ ਕਲੋਨੀ, ਗੋਲਡਨ ਐਵੀਨਿਊ ਇਲਾਕੇ ਦੀ ਚੋਣ ਕੀਤੀ ਹੈ। ਇਨ੍ਹਾਂ ਇਲਾਕਿਆਂ ਵਿਚ ਲਗਪਗ 11 ਹਜ਼ਾਰ ਘਰਾਂ ਵਿਚ ਹਰੇਕ ਵਿਅਕਤੀ ਦੀ ਸਿਹਤ ਦੀ ਜਾਂਚ ਹੋਵੇਗੀ। ਇਹ 50 ਟੀਮਾਂ ਤਿੰਨ ਦਿਨਾਂ ਵਿਚ ਇਸ ਕੰਮ ਨੂੰ ਪੂਰਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਹਰੇਕ ਵਿਅਕਤੀ ਦੀ ਸਿਹਤ ਦੀ ਜਾਂਚ ਤੇ ਉਸ ਦੀ ਟਰੈਵਲ ਹਿਸਟਰੀ ਜਾਂ ਇਨ੍ਹਾਂ ਦਿਨਾਂ ਦੌਰਾਨ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਹਨ, ਦਾ ਪਤਾ ਲਾਇਆ ਜਾਵੇਗਾ। ਜੇਕਰ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਤੁਰੰਤ ਰੈਪਿਡ ਐਕਸ਼ਨ ਟੀਮ ਇਸ ਮਰੀਜ ਦਾ ਟੈਸਟ ਕਰਾਉਣ ਲਈ ਲੈ ਕੇ ਆਵੇਗੀ। ਇਸ ਦੌਰਾਨ ਉਸ ਦੇ ਪਰਿਵਾਰ ਨੂੰ ਦੂਜੇ ਘਰਾਂ ਨਾਲੋਂ ਵੱਖ ਰਹਿਣ ਦੀ ਹਦਾਇਤ ਕੀਤੀ ਜਾਵੇਗੀ।

Previous articleਦੇਸ਼ ’ਚ ਲੌਕਡਾਊਨ ਦੌਰਾਨ ਚੰਡੀਗੜ੍ਹ ’ਚ ਜਾਰੀ ਰਹੇਗਾ ਕਰਫਿਊ
Next articleਕੋਵਿਡ-19 : ਘਰ ਰਹਿ ਕੇ ਦੇਸ਼ ਸੇਵਾ ਕਰਨ ਦਾ ਸੁਨਹਿਰੀ ਮੌਕਾ