* ਮਾਹਿਰ ਵਿਸ਼ਵ ਪੱਧਰੀ ਪ੍ਰਾਜੈਕਟ ਦੀ ਦਿੱਖ ਸਿੱਖ ਅਤੇ ਪੰਜਾਬੀ ਵਿਰਾਸਤ ਨਾਲ ਮੇਲ ਖਾਂਦੀ ਹੋਣ ਦੇ ਹੱਕ ’ਚ
* ਕਮਲ ਦੇ ਫੁੱਲ ਨੂੰ ਕੇਂਦਰੀ ਬਿੰਬ ਵਜੋਂ ਉਭਾਰਨਾ ਸਿੱਖ ਵਿਰਾਸਤ ਸਬੰਧੀ ਅਗਿਆਨਤਾ ਦੀ ਨਿਸ਼ਾਨੀ ਕਰਾਰ
ਚੰਡੀਗੜ੍ਹ- ਕੁਝ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ (ਆਈਆਰਐੱਸਡੀਸੀ) ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਇਸ ਵਿਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਜਾ ਰਹੀ ਹੈ। ਰਿਪੋਰਟ ਮੁਤਾਬਕ ਇਹ ਸਟੇਸ਼ਨ ਉਨ੍ਹਾਂ ਮੁੱਖ ਸਟੇਸ਼ਨਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਜਨਤਕ ਤੇ ਨਿੱਜੀ ਖੇਤਰ ਦੇ ਸਹਿਯੋਗ (ਪੀਪੀਪੀ ਮੋਡ) ਰਾਹੀਂ ਬਣਾਇਆ ਜਾਵੇਗਾ। ਇਸ ਦੇ ਨਕਸ਼ੇ ਤੇ ਡਿਜ਼ਾਈਨ ਨੂੰ ਸਰਕਾਰੀ-ਪ੍ਰਾਈਵੇਟ ਭਾਈਵਾਲੀ ਅਪਰੇਜ਼ਲ ਕਮੇਟੀ ਨੇ ਲੰਘੇ ਵਰ੍ਹੇ 20 ਦਸੰਬਰ ਨੂੰ ਪ੍ਰਵਾਨਗੀ ਦਿੱਤੀ ਹੈ। ਸੂਤਰਾਂ ਅਨੁਸਾਰ ਆਈਆਰਐੱਸਡੀਸੀ ਦਾ ਦਾਅਵਾ ਹੈ ਕਿ ਸਟੇਸ਼ਨ ਦੀ ਇਮਾਰਤ ਸਿੱਖੀ ਰਵਾਇਤਾਂ ਮੁਤਾਬਕ ਹੋਵੇਗੀ। ਇਸ ’ਤੇ ਲਗਭਗ 300 ਕਰੋੜ ਰੁਪਏ ਖ਼ਰਚ ਆਉਣਗੇ ਅਤੇ ਸਟੇਸ਼ਨ ਦੇ ਸਾਰੇ ਪਲੇਟਫ਼ਾਰਮ ਇਕ ਛੱਤ ਹੇਠ ਲਿਆਂਦੇ ਜਾਣਗੇ। ਹਵਾਈ ਅੱਡੇ ਵਾਂਗ ਆਉਣ ਵਾਲੇ ਅਤੇ ਵਿਦਾ ਹੋਣ ਵਾਲੇ ਯਾਤਰੀਆਂ ਲਈ ਵੱਖ-ਵੱਖ ਪ੍ਰਬੰਧ ਕੀਤੇ ਜਾਣਗੇ। ਅਖ਼ਬਾਰਾਂ ਤੇ ਵਟਸਐਪ ਉੱਤੇ ਮਿਲ ਰਹੇ ਇਸ ਸਟੇਸ਼ਨ ਦੇ ਤਜਵੀਜ਼ਤ ਡਿਜ਼ਾਈਨ ਅਨੁਸਾਰ ਸਟੇਸ਼ਨ ਵਿਚ ਦਾਖ਼ਲਾ ਸਥਾਨ ਉੱਤੇ ਇਕ ਕਮਲ ਦੇ ਫੁੱਲ ਦੇ ਆਕਾਰ ਵਾਲਾ ਸਰੋਵਰ ਦਿਖਾਈ ਦੇ ਰਿਹਾ ਹੈ। ਇਸ ਡਿਜ਼ਾਈਨ ਨੇ ਨਵਾਂ ਵਿਵਾਦ ਛੇੜਿਆ ਹੈ। ਪ੍ਰੋਫ਼ੈਸਰ ਬਲਵਿੰਦਰ ਸਿੰਘ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਦੇ ਮੁਖੀ ਰਹੇ ਹਨ ਅਤੇ ਪੁਰਾਣੀਆਂ ਇਮਾਰਤਾਂ ਦੀ ਦੇਖ-ਰੇਖ ਦੇ ਮਾਹਿਰ ਹਨ, ਨੇ ਕਿਹਾ ਕਿ ਭਾਵੇਂ ਵਟਸਐਪ ਉੱਤੇ ਉਪਲਬਧ ਡਿਜ਼ਾਈਨ ’ਤੇ ਵੱਡੀ ਟਿੱਪਣੀ ਕਰਨਾ ਮੁਮਕਿਨ ਨਹੀਂ ਪਰ ਫਿਰ ਵੀ ਇਹ ਗੱਲ ਬੁਨਿਆਦੀ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਈਨ ਵਿਚ ਸਥਾਨਕ ਇਮਾਰਤਸਾਜ਼ੀ ਦੇ ਰੰਗ ਦਿਖਾਈ ਦੇਣੇ ਚਾਹੀਦੇ ਹਨ। ਉਨ੍ਹਾਂ ਅਨੁਸਾਰ ਅੰਮ੍ਰਿਤਸਰ ਵਿਚ ਸਿੱਖ ਤੇ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਮੌਜੂਦ ਹੈ ਅਤੇ ਉਹ ਡਿਜ਼ਾਈਨ ਦੇ ਬਾਹਰੀ ਪੱਖ ਤੋਂ ਹੀ ਝਲਕਣੀ ਚਾਹੀਦੀ ਹੈ। ਇੰਟਰਨੈਸ਼ਨਲ ਕੌਂਸਿਲ ਆਫ਼ ਮਾਨੂੰਮੈਂਟਸ ਐਂਡ ਸਾਈਟਸ, ਜਿਹੜੀ ਕਿ ਦੁਨੀਆਂ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਤੇ ਸੁਰੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਹੈ, ਦੇ ਇੰਡੀਆ ਚੈਪਟਰ ਦੀ ਮੁਖੀ ਪ੍ਰੋਫ਼ੈਸਰ ਕਿਰਨ ਜੋਸ਼ੀ ਨੇ ਕਿਹਾ ਹੈ ਕਿ ਸਿੱਖ ਇਮਾਰਤਸਾਜ਼ੀ ਵਿਚ ਕਮਲ ਦੇ ਫੁੱਲ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਨਹੀਂ ਹੈ। ਪ੍ਰੋ. ਜੋਸ਼ੀ, ਜੋ ਇਮਾਰਤਸਾਜ਼ੀ ਦਾ ਇਤਿਹਾਸ ਪੜ੍ਹਾਉਂਦੇ ਰਹੇ ਹਨ, ਅਨੁਸਾਰ ਉਨ੍ਹਾਂ ਨੇ ਪੰਜਾਬ ਅਤੇ ਸਿੱਖ ਵਿਰਾਸਤ ਨਾਲ ਸਬੰਧਤ ਕਈ ਅਧਿਐਨ ਕੀਤੇ ਅਤੇ ਕਰਵਾਏ ਹਨ ਅਤੇ ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਕਿਤੇ ਵੀ ਕਮਲ ਦੇ ਫੁੱਲ ਦੇ ਬਿੰਬ ਦੀ ਪ੍ਰਮੁੱਖ ਪਰੰਪਰਾ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਅਨੁਸਾਰ ਸਾਰੀ ਦੁਨੀਆਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਅਤੇ ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ ’ਤੇ ਜੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਇਮਾਰਤਸਾਜ਼ੀ ਦੇਖਣ ਨੂੰ ਮਿਲਣੀ ਚਾਹੀਦੀ ਹੈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਡਿਜ਼ਾਈਨ ਨਾਲ ਹੀ ਸਬੰਧਤ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਕਮਲ ਦੇ ਫੁੱਲ ਨੂੰ ਕੇਂਦਰੀ ਬਿੰਬ ਵਜੋਂ ਉਭਾਰਨਾ ਸਿੱਖ ਵਿਰਾਸਤ ਸਬੰਧੀ ਅਗਿਆਨਤਾ ਦੀ ਨਿਸ਼ਾਨੀ ਹੈ।
ਪ੍ਰੋਫ਼ੈਸਰ ਬਲਵਿੰਦਰ ਸਿੰਘ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਲਾਹੌਰ ਰੇਲਵੇ ਸਟੇਸ਼ਨ ਨੂੰ ਦੁਬਾਰਾ ਡਿਜ਼ਾਈਨ ਕਰਦਿਆਂ ਉੱਥੋਂ ਦੇ ਇਮਾਰਤਸਾਜ਼ਾਂ ਨੇ ਉਸ ਦੀ ਪੁਰਾਣੀ ਦਿੱਖ ਨੂੰ ਕਾਇਮ ਰੱਖਿਆ ਕਿਉਂਕਿ ਇਮਾਰਤਾਂ ਨੂੰ ਆਪਣੇ ਸਮਿਆਂ ਦਾ ਪ੍ਰਤੀਕ ਵੀ ਹੋਣਾ ਚਾਹੀਦਾ ਹੈ।
ਪ੍ਰੋਫ਼ੈਸਰ ਸਰਬਜੋਤ ਸਿੰਘ ਬਹਿਲ, ਡਿਪਾਰਟਮੈਂਟ ਆਫ਼ ਆਰਕੀਟੈਕਚਰ ਐਂਡ ਡੀਨ ਅਕੈਡਮਿਕ ਅਫ਼ੇਅਰਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਨੁਸਾਰ ਮੀਡੀਆ ਰਿਪੋਰਟਾਂ ਵਿਚ ਵਿਖਾਇਆ ਜਾ ਰਿਹਾ ਰੇਲਵੇ ਸਟੇਸ਼ਨ ਦਾ ਮੁੱਖ ਬਿੰਬ ਸਿੱਖ ਫ਼ਲਸਫ਼ੇ ਲਈ ਕੋਈ ਵਿਸ਼ੇਸ਼ ਮਹੱਤਵ ਨਹੀਂ ਰੱਖਦਾ। ਉਨ੍ਹਾਂ ਅਨੁਸਾਰ ਰੇਲਵੇ ਸਟੇਸ਼ਨ ਨੂੰ ਨਵੇਂ ਸਿਰਿਓਂ ਬਣਾਉਣ ਵੇਲੇ ਅੰਮ੍ਰਿਤਸਰ ਦੇ ਵਿਰਸੇ ਬਾਰੇ ਬੜੇ ਸੁੰਦਰ ਤੇ ਸੁੱਘੜ ਤਰੀਕੇ ਨਾਲ ਦਿਖਾਇਆ ਜਾ ਸਕਦਾ ਸੀ ਪਰ ਤਜਵੀਜ਼ਤ ਡਿਜ਼ਾਈਨ ਅਜਿਹੇ ਸੁਨਹਿਰੀ ਮੌਕੇ ਨੂੰ ਗੁਆਉਣ ਵਾਲਾ ਸਾਬਿਤ ਹੋਵੇਗਾ।