ਜੰਮੂ ਕਸ਼ਮੀਰ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਵਾਇਰਸ ਦੀ ਦਸਤਕ ਨਾਲ ਲੋਕਾਂ ’ਚ ਸਹਿਮ ਹੈ। ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੀ ਕਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਰਾਨ ਤੇ ਦੱਖਣ ਕੋਰੀਆ ਤੋਂ ਆਏ ਚਾਰ ਲੋਕਾਂ ਵਿੱਚ ਕਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਪੀੜਤਾਂ ਵਿਚ ਇੱਕ ਔਰਤ ਹੈ। ਇਹ ਸਾਰੇ ਮਰੀਜ਼ 26 ਫਰਵਰੀ ਤੇ 4 ਮਾਰਚ ਨੂੰ ਇਰਾਨ ਤੇ ਦੱਖਣ ਕੋਰੀਆ ਤੋਂ ਜੰਮੂ ਕਸ਼ਮੀਰ ਤੇ ਲੱਦਾਖ ਪੁੱਜੇ ਸਨ।
ਇਸ ਦੌਰਾਨ ਅੰਮ੍ਰਿਤਸਰ ਵਿੱਚ ਕਰੋਨਾਵਾਇਰਸ ਨਾਲ ਪੀੜਤ ਦੋ ਮਰੀਜ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠਲੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਇਹ ਦੋਵੇਂ ਹੁਸ਼ਿਆਰਪੁਰ ਨਾਲ ਸਬੰਧਤ ਹਨ ਅਤੇ ਇਟਲੀ ਤੋਂ ਮੁੜੇ ਹਨ। ਦਿੱਲੀ ਤੋਂ ਹਵਾਈ ਮਾਰਗ ਰਾਹੀਂ ਅੰਮ੍ਰਿਤਸਰ ਆਉਣ ’ਤੇ ਇਨ੍ਹਾਂ ਦੀ ਇੱਥੇ ਸਿਹਤ ਵਿਭਾਗ ਵੱਲੋਂ ਜਾਂਚ ਮਗਰੋਂ ਹਸਪਤਾਲ ਭੇਜਿਆ ਗਿਆ। ਜਾਣਕਾਰੀ ਮੁਤਾਬਕ ਕਰੋਨਾਵਾਇਰਸ ਨਾਲ ਪੀੜਤ ਹੋਣ ਸਬੰਧੀ ਦੋਵਾਂ ਬਾਰੇ ਏਮਜ਼ ਦਿੱਲੀ ਵੱਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਜਾਂਚ ਵਾਸਤੇ ਨਮੂਨੇ ਪੂਨਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਮੁੜ ਪੁਸ਼ਟੀ ਲਈ ਭੇਜੇ ਗਏ ਹਨ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਆਖਿਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਬਣਾਏ ਗਏ ਵਿਸ਼ੇਸ਼ ਵਾਰਡ ਵਿੱਚ ਇੱਕ ਹੋਰ ਸ਼ੱਕੀ ਮਰੀਜ਼ ਦਾਖਲ ਕੀਤਾ ਗਿਆ ਹੈ ਜੋ ਦੁਬਈ ਤੋਂ ਪਰਤਿਆ ਹੈ ਅਤੇ ਉਸ ਨੂੰ ਬੁਖ਼ਾਰ ਹੈ। ਦੱਸਣਯੋਗ ਹੈ ਕਿ ਭਾਰਤ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ 34 ਹੋ ਗਈ ਹੈ।
HOME ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ’ਚ ਕਰੋਨਾ ਦੀ ਦਸਤਕ ਨਾਲ ਸਹਿਮ