ਅੰਮਿ੍ਤਸਰ ‘ਚ ਜ਼ਬਰਦਸਤ ਧਮਾਕਾ, ਦੋ ਜਣਿਆਂ ਦੀ ਮੌਤ, ਪੰਜ ਜਣੇ ਜ਼ਖ਼ਮੀ

 

ਛੇਹਰਟਾ : ਪੁਤਲੀਘਰ ਤਹਿਤ ਪੈਂਦੇ ਇਲਾਕਾ ਲਵ ਕੁਸ਼ ਨਗਰ ਵਿਖੇ ਸੋਮਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇਕ ਘਰ ਵਿਚ ਕਬਾੜ ਦਾ ਸਮਾਨ ਛਾਂਟਣ ਦੌਰਾਨ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਕਾਰਨ ਕਬਾੜ ਛਾਂਟ ਰਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇਕ ਢਾਈ ਸਾਲ ਦੇ ਬੱਚੇ ਸਮੇਤ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿੱਥੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਮੌਕੇ ‘ਤੇ ਪੁੱਜੇ ਉੱਥੇ ਨਾਲ ਹੀ ਸਬੰਧਤ ਥਾਣੇ ਦੀ ਪੁਲਿਸ ਤੋਂ ਇਲਾਵਾ ਪੁਲਿਸ ਦੇ ਹੋਰ ਉੱਚ-ਅਧਿਕਾਰੀ ਮੌਕੇ ‘ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਗਟਾਊਂਦਿਆ ਦੱਸਿਆ ਗਿਆ ਕਿ ਸੋਮਵਾਰ ਸ਼ਾਮ ਵਾਪਰਿਆ ਇਹ ਹਾਦਸਾ ਪੁਲਿਸ ਦੀ ਅਣਗਹਿਲੀ ਕਾਰਨ ਵਾਪਰਿਆ ਹੈ।

ਇਲਾਕਾ ਵਾਸੀ ਹਨੀ ਨੇ ਦੱਸਿਆ ਕਿ ਸ਼ਹਿਰ ਦੇ ਇਕ ਥਾਣੇ ਦੀ ਪੁਲਿਸ ਵੱਲੋਂ ਥਾਣਿਆਂ ਦੀ ਸਾਫ਼-ਸਫਾਈ ਮੁਹਿੰਮ ਦੇ ਚੱਲਦਿਆਂ ਆਪਣੇ ਥਾਣੇ ਦਾ ਪੂਰਾ ਕਬਾੜ ਚੁਕਵਾਉਣ ਦੀ ਜ਼ਿੰਮੇਵਾਰੀ ਥਾਣੇ ਦੇ ਇਕ ਦਰਜਾ ਚਾਰ ਮੁਲਾਜ਼ਮ ਗੁਰਨਾਮ ਸਿੰਘ ਦੀ ਲਾਈ ਗਈ ਜਿਸ ਵੱਲੋਂ ਆਪਣੇ ਹੀ ਕਿਸੇ ਚਹੇਤੇ ਰਿਸ਼ਤੇਦਾਰ ਨੂੰ ਇਹ ਕਬਾੜ ਚੁੱਕਣ ਬਾਰੇ ਕਿਹਾ ਗਿਆ ਸੀ।

ਲਵ-ਕੁਸ਼ ਨਗਰ ਵਾਸੀ ਗੁਰਪ੍ਰੀਤ ਸਿੰਘ ਵੱਲੋਂ ਥਾਣੇ ਦਾ ਇਹ ਕਬਾੜ ਚੁੱਕਣ ਦਾ ਸਿਲਸਿਲਾ ਕੱਲ੍ਹ ਸਵੇਰ ਤੋਂ ਸ਼ੁਰੂ ਕੀਤਾ ਗਿਆ ਸੀ ਜੋ ਸੋਮਵਾਰ ਦੁਪਹਿਰ ਤਕ ਪੁਰਾ ਕੀਤਾ ਗਿਆ। ਸੋਮਵਾਰ ਸ਼ਾਮ ਜਦੋਂ ਗੁਰਪ੍ਰਰੀਤ ਸਿੰਘ ਦੇ ਕੁਝ ਸਾਥੀ ਕਬਾੜ ਨੂੰ ਛਾਂਟ ਰਹੇ ਸਨ ਤਾਂ ਅਚਾਨਕ ਵੱਡਾ ਧਮਕਾ ਹੋ ਗਿਆ, ਜਿਸ ਕਾਰਨ ਰਜਿੰਦਰ ਮੋਟਾ ਤੇ ਰਤਨ ਲਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਘਰ ਵਿਚ ਮੌਜੂਦ ਢਾਈ ਸਾਲ ਦਾ ਬੱਚੇ, ਘਰ ਦੀ ਮਾਲਕਣ ਮਨਜੀਤ ਕੌਰ, ਗੁਰਨਾਮ ਸਿੰਘ, ਵਿਜੇ ਤੇ ਧਰਮਪਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਲਾਕਾ ਵਾਸੀਆਂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਇਹ ਧਮਾਕਾ ਥਾਣੇ ਦੇ ਕਬਾੜ ਵਿਚ ਮੌਜੂਦ ਕਿਸੇ ਸਰਕਾਰੀ ਅਸਲੇ ਨਾਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ ਇਹ ਕਬਾੜ ਦਾ ਸਮਾਨ ਚੁੱਕਵਾਇਆ ਗਿਆ ਹੈ, ਜਿਸ ਨਾਲ ਜਿੱਥੇ ਦੋ ਬੇਕਸੂਰ ਲੋਕਾਂ ਦੀ ਮੌਤ ਹੋਈ ਹੈ, ਉੱਥੇ ਨਾਲ ਹੀ ਪੰਜ ਹੋਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਲੋਕਾਂ ਨੇ ਪੁਲਿਸ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲੈਂਦਿਆਂ ਦੋਸ਼ ਲਾਇਆ ਕਿ ਇਨ੍ਹਾਂ ਬੇਕਸੂਰਾਂ ਦੀ ਮੌਤ ਤੇ ਜ਼ਖ਼ਮੀਆਂ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਦੇ ਦਾਇਰੇ ਵਿਚ ਲੈ ਕੇ ਜੇਕਰ ਮੰਗਲ ਸਵੇਰ ਤਕ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ।

ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਬਾੜ ਦੀ ਛਾਂਟੀ ਨੂੰ ਲੈ ਕੇ ਇਹ ਹਾਦਸਾ ਵਾਪਰਿਆ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ। ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮੁਕੰਮਲ ਜਾਂਚ ਪਿੱਛੋਂ ਸੱਚਾਈ ਨੂੰ ਸਾਹਮਣੇ ਲਿਆਂਦਾ ਜਾਵੇਗਾ।

Previous articleਪਾਕਿ ‘ਚ ਹਿੰਦੂ ਕੁੜੀ ਦੀ ਹੱਤਿਆ ਦੀ ਨਿਆਇਕ ਜਾਂਚ ਤੋਂ ਜੱਜ ਦੀ ਨਾਂਹ
Next articleਕਾਂਗਰਸ ਨੇ ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨੇ, ਦਾਖਾ ਤੋਂ ਇਆਲੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ