ਅੰਬੇਡਕਰ ਮਿਸ਼ਨ ਸੋਸਾਇਟੀ ਨੇ ਕੀਤੀ ਸਮੀਖਿਆ ਮੀਟਿੰਗ, ਬੁੱਧ ਜੈਅੰਤੀ ਮਨਾਈ ਜਾਏਗੀ 23 ਮਈ ਨੂੰ

ਫੋਟੋ ਕੈਪਸ਼ਨ: ਸਮੀਖਿਆ ਮੀਟਿੰਗ ਕਰਕੇ 23 ਮਈ ਨੂੰ ਬੁੱਧ ਜਯੰਤੀ ਮਨਾਉਣ ਦਾ ਐਲਾਨ ਕਰਦੇ ਹੋਏ ਕਮੇਟੀ ਮੈਂਬਰ।

ਅੰਬੇਡਕਰ ਮਿਸ਼ਨ ਸੋਸਾਇਟੀ ਨੇ ਕੀਤੀ ਸਮੀਖਿਆ ਮੀਟਿੰਗ
ਬੁੱਧ ਜੈਅੰਤੀ ਮਨਾਈ ਜਾਏਗੀ 23 ਮਈ ਨੂੰ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਉਤਸਵ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਭੂਮੀ ਅੰਬੇਡਕਰ ਭਵਨ ਵਿਖੇ ਬਹੁਤ ਹੀ ਉਤਸਾਹ ਅਤੇ ਸ਼ਰਧਾ ਨਾਲ ਵਿਸ਼ਾਲ ਪੱਧਰ ਤੇ ਮਨਾਇਆ ਗਿਆ ਸੀ, ਜਿਸ ਵਿੱਚ ਅੰਬੇਡਕਰੀ ਵਿਚਾਰਕ ਸੁਭਾਸ਼ ਚੰਦ ਮੁਸਾਫਰ ਪਾਲਮਪੁਰ (ਹਿਮਾਚਲ ਪ੍ਰਦੇਸ਼) ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਰਿਤੂ ਸਿੰਘ, ਅਸਿਸਟੈਂਟ ਪ੍ਰੋਫੈਸਰ (ਦਿੱਲੀ ਯੂਨੀਵਰਸਿਟੀ) ਤੇ ਪੰਜਾਬ ਕੋਆਰਡੀਨੇਟਰ, ਮਿਸ਼ਨ ਸੇਵ ਕੌਂਸਟੀਚਊਸ਼ਨ (ਐਮਐਸਸੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਬਾਬਾ ਸਾਹਿਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ।

ਇਸ ਸਮਾਗਮ ਵਿੱਚ ਸਰੋਤਿਆਂ ਦੀ ਸਹਿਮਤੀ ਨਾਲ ਤਿੰਨ ਮਤੇ ਵੀ ਪਾਸ ਕੀਤੇ ਗਏ। ਪਹਿਲਾ ਮਤਾ ਪਾਸ ਕਰਕੇ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਪੰਜਾਬ ਸ਼ਡਿਊਲ ਕਾਸਟ ਕਮਿਸ਼ਨ ਦਾ ਚੇਅਰਮੈਨ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਤ ਵਿਅਕਤੀ ਹੀ ਲਗਾਇਆ ਜਾਵੇ, ਪੰਜਾਬ ਸ਼ਡਿਊਲਡ ਕਾਸਟ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਮੁੜ ਤੋਂ ਵਧਾ ਕੇ 10 ਕੀਤੀ ਜਾਵੇ ਅਤੇ ਉਹਨਾਂ ਦੀ ਉੱਪਰ ਦੀ ਉਮਰ ਦੀ ਕੋਈ ਸੀਮਾ ਨਾ ਰੱਖੀ ਜਾਵੇ। ਦੂਜਾ ਮਤਾ ਪਾਸ ਕਰਕੇ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਸਰਕਾਰੀ ਕਾਲਜਾਂ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦ ਤੋਂ ਜਲਦ ਭਰੀਆਂ ਜਾਣ ਤਾਂ ਜੋ ਇਹਨਾਂ ਸਰਕਾਰੀ ਕਾਲਜਾਂ ਅਤੇ ਸਕੂਲਾਂ ਵਿੱਚ ਪੜ੍ਹ ਰਹੇ ਗਰੀਬ ਵਰਗ ਦੇ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਅਧਿਆਪਕਾਂ ਦੀ ਭਰਤੀ ਲਈ ਸਰਕਾਰੀ ਕਾਲਜਾਂ ਦੇ ਨਾਲ ਨਾਲ ਪ੍ਰਾਈਵੇਟ ਕਾਲਜਾਂ ਵਿੱਚ ਵੀ ਰਾਖਵਾਂਕਰਨ ਕੋਟਾ ਲਾਗੂ ਕਰਕੇ ਉਨ੍ਹਾਂ ਦੀਆਂ ਅਸਾਮੀਆਂ ਜਲਦ ਭਰੀਆਂ ਜਾਣ। ਤੀਜੇ ਮਤੇ ਵਿਚ ਇਹ ਕਿਹਾ ਗਿਆ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਜੋ ਪਿਛਲੇ 50 ਸਾਲ ਤੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਸਮਾਜ ਵਿੱਚ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਦੇ ਆਧਾਰ ਤੇ ਸਮਾਜ ਦੀ ਸਥਾਪਨਾ ਕਰਨ ਲਈ ਬਚਨ ਵੱਧ ਹੈ, ਇਸ ਮਹਾਨ ਕਾਰਜ ਲਈ ਉਹ ਭਾਰਤ ਦੇ ਸੰਵਿਧਾਨ ਨੂੰ ਸਰਵੋਤਮ ਮੰਨਦੀ ਹੈ ਪਰ ਪਿਛਲੇ ਦਸ ਸਾਲ ਤੋਂ ਜਦੋਂ ਤੋਂ ਕੇਂਦਰ ਦੀ ਸੱਤਾ ਵਿੱਚ ਬੀਜੇਪੀ ਸਰਕਾਰ ਆਈ ਹੈ ਭਾਰਤ ਦਾ ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾਵਾਂ ਯੋਜਨਾ-ਵਧ ਢੰਗ ਨਾਲ ਕਮਜ਼ੋਰ ਕੀਤੀਆਂ ਜਾ ਰਹੀਆਂ ਹਨ। ਸਮਾਗਮ ਵਿੱਚ ਹਾਜ਼ਰ ਸਰੋਤਿਆਂ ਅਤੇ ਸੁਸਾਇਟੀ ਨੇ ਇਹ ਸੰਕਲਪ ਲਿਆ ਕਿ ਦੇਸ਼ ਦਾ ਸੰਵਿਧਾਨ ਕਿਸੇ ਵੀ ਕੀਮਤ ਤੇ ਬਦਲਨ ਨਹੀਂ ਦਿੱਤਾ ਜਾਵੇਗਾ ਅਤੇ ਬਾਬਾ ਸਾਹਿਬ ਦੁਆਰਾ ਬਣਾਏ ਗਏ ਸੰਵਿਧਾਨ ਨੂੰ ਬਚਾਉਣ ਲਈ ਸੁਸਾਇਟੀ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।

ਮੀਟਿੰਗ ਵਿੱਚ 14 ਅਪ੍ਰੈਲ ਦੇ ਸਮਾਗਮ ਦੀ ਸਮੀਖਿਆ ਕੀਤੀ ਗਈ ਅਤੇ ਇਹ ਤੈਅ ਕੀਤਾ ਗਿਆ ਕਿ ਸਮਾਗਮ ਦੇ ਸੰਚਾਲਨ ‘ਚ ਜੋ ਕਮੀਆਂ ਪੇਸ਼ੀਆਂ ਰਹੀਆਂ ਹਨ ਉਹ ਭਵਿੱਖ ਵਿੱਚ ਨਾ ਹੋਣ। ਮੀਟਿੰਗ ਵਿੱਚ ਸਰਬ ਸੰਮਤੀ ਨਾਲ 23 ਮਈ ਨੂੰ ਅੰਬੇਡਕਰ ਭਵਨ ਵਿਖੇ ਬੁੱਧ ਜੈਅੰਤੀ ਮਨਾਉਣ ਦਾ ਫੈਸਲਾ ਵੀ ਲਿਆ ਗਿਆ। ਮੀਟਿੰਗ ਵਿੱਚ ਸਰਬਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ), ਡਾ. ਜੀਸੀ ਕੌਲ, ਡਾ. ਚਰਨਜੀਤ ਸਿੰਘ, ਬਲਦੇਵ ਰਾਜ ਭਾਰਦਵਾਜ, ਮੈਡਮ ਸੁਦੇਸ਼ ਕਲਿਆਣ, ਪਰਮਿੰਦਰ ਸਿੰਘ ਖੁਤਨ, ਸੋਮ ਲਾਲ ਮੱਲ, ਰਾਜਕੁਮਾਰ, ਗੌਤਮ ਸਾਂਪਲਾ ਅਤੇ ਡਾ. ਮਹਿੰਦਰ ਸੰਧੂ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਨੋਟ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

Previous articleNCP manifesto: Caste-based census, MSP for farmers
Next articleअंबेडकर मिशन सोसायटी ने समीक्षा बैठक की, बुद्ध जयंती मनाई जाएगी 23 मई को