ਅੰਬੇਡਕਰ ਭਵਨ ‘ਚ ‘ਭਾਰਤੀ ਸੰਵਿਧਾਨ ਅਤੇ ਤਰਕਸ਼ੀਲਤਾ’ ਤੇ ਹੋਈ ਵਿਚਾਰ ਗੋਸ਼ਠੀ, ‘ਦੇਸ਼ ਦੋਆਬਾ’ ਅਖਬਾਰ ਨੂੰ ਦਿੱਤੀਆਂ ਵਧਾਈਆਂ

ਫੋਟੋ ਕੈਪਸ਼ਨ: ਸ਼੍ਰੀ ਐਲ ਆਰ ਬਾਲੀ ਦਾ ਸਨਮਾਨ ਕਰਦੇ ਹੋਏ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਆਗੂ.

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਨੇ ‘ਭਾਰਤੀ ਸੰਵਿਧਾਨ ਅਤੇ ਤਰਕਸ਼ੀਲਤਾ’ ਵਿਸ਼ੇ ਤੇ ਅੰਬੇਡਕਰ ਭਵਨ, ਡਾ.ਅੰਬੇਡਕਰ ਰੋਡ, ਜਲੰਧਰ ਵਿਖੇ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ. ਉੱਘੇ ਅੰਬੇਡਕਰਵਾਦੀ, ਭੀਮ ਪਤ੍ਰਿਕਾ ਦੇ ਸੰਪਾਦਕ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਮੁਖ ਸਲਾਹਕਾਰ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਵਿਚਾਰ ਗੋਸ਼ਠੀ ਵਿਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ. ਸਮਾਗਮ ਦੀ ਪ੍ਰਧਾਨਗੀ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਕੀਤੀ. ਬਲਦੇਵ ਰਾਜ ਭਾਰਦਵਾਜ ਨੇ ਲਾਹੌਰੀ ਰਾਮ ਬਾਲੀ ਨੂੰ ਸ਼ਰੋਤਿਆਂ ਦੇ ਰੂਬਰੂ ਕਰਾਇਆ.

            ਸ਼੍ਰੀ ਬਾਲੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵਿਧਾਨ ਸਭਾ ਮੈਂਬਰਾਂ ਐਚ ਵੀ ਕਾਮਥ, ਰੋਹਿਨੀ ਕੁਮਾਰ ਚੌਧਰੀ, ਸ਼ਿਬਨ ਲਾਲ ਸਕਸੈਨਾ, ਪੰਡਿਤ ਗੋਵਿੰਦ ਮਾਲਵੀਆ ਅਤੇ ਈਸ਼ਵਰ ਪ੍ਰਸਾਦ ਦੁਆਰਾ ਪੇਸ਼ ਕੀਤੀ ਗਈ ਸ਼ਬਦਾਂ ਦੀ ਸੋਧ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਨੇ ਰੱਦ ਕਰ ਕੇ ਇਹ ਪ੍ਰਸਤਾਵਨਾ ਬਣਾਈ: “ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇੱਕ ਪੂਰਨ ਪ੍ਰਭੂਸੱਤਾ, ਸਮਾਜਵਾਦੀ, ਧਰਮ ਨਿਰਪੱਖ, ਜਮਹੂਰੀ ਗਣਤੰਤਰ [1] ਬਣਾਉਣ ਲਈ ਅਤੇ ਇਸਦੇ ਸਾਰੇ ਨਾਗਰਿਕਾਂ ਨੂੰ : ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਸੋਚ ਦੀ ਆਜ਼ਾਦੀ, ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਪੂਜਾ, ਵੱਕਾਰ ਅਤੇ ਅਵਸਰ ਦੀ ਬਰਾਬਰੀ ਪ੍ਰਾਪਤ ਕਰਾਉਣ ਲਈ ਅਤੇ ਉਨ੍ਹਾਂ ਸਾਰਿਆਂ ਵਿਚ, ਭਾਈਚਾਰਕ ਸਾਂਝ ਵਧਾਉਣ ਲਈ, ਵਿਅਕਤੀ ਦੀ ਇੱਜ਼ਤ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ [2] ਨੂੰ ਯਕੀਨੀ ਬਣਾਉਣ ਵਾਲੀ ਭਾਈਚਾਰਕ ਸਾਂਝ ਵਧਾਉਣ ਲਈ, ਨਿਸ਼ਚਤ ਤੌਰ ਤੇ ਆਪਣੀ ਸੰਵਿਧਾਨ ਸਭਾ ਵਿੱਚ ਅੱਜ ਤਾਰੀਖ 26 ਨਵੰਬਰ 1949 ਈ. (ਮਿਤੀ ਮਾਰਗਸ਼ੀਰਸ਼ ਸ਼ੁਕਲਾ ਸਪਤਮੀ, ਸੰਵਤ 2011, ਵਿਕਰਮੀ) ਨੂੰ ਇਸ ਤਰ੍ਹਾਂ ਇਸ ਸੰਵਿਧਾਨ ਨੂੰ ਅਪਣਾਇਆ, ਲਾਗੂ ਕੀਤਾ ਅਤੇ ਸਮਰਪਣ ਕਰਦੇ ਹਾਂ.” ਸ਼੍ਰੀ ਬਾਲੀ ਜੀ ਨੇ ਇਹ ਸਪਸ਼ਟ ਕੀਤਾ ਕਿ ‘ਸਮਾਜਵਾਦ, ਧਰਮ ਨਿਰਪੱਖ’ ਸ਼ਬਦ ਐਮਰਜੰਸੀ ਵੇਲੇ 1977 ਵਿਚ ਇੰਦਰਾ ਗਾਂਧੀ ਨੇ ਸੰਵਿਧਾਨ ਦੀ 42 ਵੀਂ ਸੋਧ ਕਰਕੇ ਜੋੜੇ ਸਨ. ਸ਼੍ਰੀ ਬਾਲੀ ਨੇ ਇਹ ਵੀ ਕਿਹਾ ਕਿ ਜਦੋਂ ਤਕ ਸਰਕਾਰਾਂ ਸੰਵਿਧਾਨ ਨੂੰ ਤਰਕਸ਼ੀਲਤਾ ਅਤੇ ਇਮਾਨਦਾਰੀ ਨਾਲ ਲਾਗੂ ਨਹੀਂ ਕਰਦੀਆਂ, ਦੇਸ਼ ਦਾ ਭਲਾ ਨਹੀਂ ਹੋ ਸਕਦਾ. ਬਾਲੀ ਜੀ ਨੇ ਆਪਣੇ ਭਾਸ਼ਣ ਤੋਂ ਬਾਅਦ ਸ਼ਰੋਤਿਆਂ ਦੇ ਸਵਾਲਾਂ ਦੇ ਜਬਾਵ ਦੇ ਕੇ ਉਨ੍ਹਾਂ ਦੀ ਤਸੱਲੀ ਕਰਾਈ. ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਲੋਈ ਦੇ ਕੇ ਸ਼੍ਰੀ ਐਲ ਆਰ ਬਾਲੀ ਦਾ ਸਨਮਾਨ ਕੀਤਾ ਗਿਆ.

ਮੈਡਮ ਸੁਦੇਸ਼ ਕਲਿਆਣ ਨੇ ਆਏ ਹੋਏ ਸ਼ਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਵਿਚਾਰ ਗੋਸ਼ਟੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ. ਵਰਿੰਦਰ ਕੁਮਾਰ ਨੇ ਸੋਸਾਇਟੀ ਦੀ ਤਰਫ਼ੋਂ ‘ਦੇਸ਼ ਦੋਆਬਾ’ ਅਖਬਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਥਮ ਧੰਨਵਾਦ ਸਮਾਗਮ ਕਰਨ ਤੇ ਵਧਾਈ ਦਿੱਤੀ ਤੇ ਕਿਹਾ ਕਿ ਉਹ ‘ਦੇਸ਼ ਦੋਆਬਾ’ ਦੇ ਮੁੱਖ ਸੰਪਾਦਕ ਸ਼੍ਰੀ ਪ੍ਰੇਮ ਕੁਮਾਰ ਚੁੰਬਰ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਨ ਕਿ ਉਹ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਅਤੇ ਆਪਣੇ ਅਖਬਾਰ ਰਾਹੀਂ ਸਮਾਜ ਦੀ ਸੇਵਾ ਕਰਦੇ ਰਹਿਣ.

ਵਰਿੰਦਰ ਕੁਮਾਰ ਨੇ ਮੰਚ ਸੰਚਾਲਨ ਵੀ ਬਾਖੂਬੀ ਕੀਤਾ. ਇਸ ਮੌਕੇ ਜਸਵਿੰਦਰ ਵਰਿਆਣਾ,ਤਿਲਕ ਰਾਜ, ਐਡਵੋਕੇਟ ਪਰਮਿੰਦਰ ਸਿੰਘ, ਐਡਵੋਕੇਟ ਹਰਭਜਨ ਸਾਂਪਲਾ, ਚਮਨ ਦਾਸ ਸਾਂਪਲਾ, ਚਮਨ ਲਾਲ, ਰਾਮ ਲਾਲ ਦਾਸ, ਜਨਕ ਰਾਜ ਚੌਹਾਨ, ਬੀ ਸੀ ਗਿੱਲ, ਡੀ ਪੀ ਭਗਤ, ਹਰਮੇਸ਼ ਜੱਸਲ, ਲਛਮਣ ਕਲਿਆਣ, ਚਰਨਜੀਤ ਸਿੰਘ, ਗੌਤਮ, ਸ਼ੁਭਮ ਅਤੇ ਪਰੀਤੀ ਕੌਲਧਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ.

ਵਰਿੰਦਰ ਕੁਮਾਰ, ਜਨਰਲ ਸਕੱਤਰ

 

Previous articleਨੰਬਰਦਾਰ ਯੂਨੀਅਨ ਦੀ ਮੀਟਿੰਗ 31 ਨੂੰ – ਅਸ਼ੋਕ ਸੰਧੂ ਨੰਬਰਦਾਰ
Next articleਵੱਡੀ ਚੇਤਾਵਨੀ! ਪੰਜਾਬੀਓ ਹੋ ਜਾਓ ਸਾਵਧਾਨ, ਇਸ ਤਰੀਕ ਨੂੰ ਆ ਸਕਦਾ ਹੈ ਮੀਂਹ!