‘ਘਰ-ਘਰ ਨੌਕਰੀ’ ਦਾ ਨਾਅਰਾ ਦੇਣ ਵਾਲੇ ਖ਼ਾਮੋਸ਼ ਹਨ। ਜਵਾਨ ਧੀਆਂ ਦਾ ਜੇਰਾ ਵੇਖ ਰਹੇ ਹਨ, ਜਿਨ੍ਹਾਂ ਨੇ ਪਟਿਆਲੇ ਦੀ ਜੂਹ ਵਿਚ ਮਸ਼ਾਲ ਬਾਲੀ ਹੈ। ਮਹਿਲਾਂ ਵਾਲੇ ਕਿਸ ਮਿੱਟੀ ਦੇ ਬਣੇ ਹੋਏ ਹਨ, ਇਹ ਸਮਝ ਤੋਂ ਬਾਹਰ ਹੈ। ਮਾਪਿਆਂ ਨੂੰ ਜਵਾਨ ਧੀਆਂ ਦਾ ਫ਼ਿਕਰ ਰਾਤਾਂ ਨੂੰ ਸੌਣ ਨਹੀਂ ਦਿੰਦਾ। ‘ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ’, ਪਟਿਆਲਾ ਮੋਰਚਾ ਵਿਚ ਮਹਿਲਾ ਅਧਿਆਪਕਾਂ ਦਾ ਜੋਸ਼ ਤਖ਼ਤਾਂ ਨੂੰ ਇਹ ਸੁਨੇਹਾ ਦੇਣ ਲਈ ਕਾਫ਼ੀ ਹੈ। ਜਦੋਂ ਉੱਚ ਡਿਗਰੀਆਂ ਲੈ ਕੇ ਘਰੀਂ ਪੁੱਜੀਆਂ ਤਾਂ ਮਾਪਿਆਂ ਨੇ ਧੀਆਂ ‘ਤੇ ਮਾਣ ਕੀਤਾ ਸੀ। ਮਾਪੇ ਹੁਣ ਸੜਕਾਂ ‘ਤੇ ਵੇਖ ਕੇ ਧੀਆਂ ਉਤੇ ਮਾਣ ਨਹੀਂ, ਤਰਸ ਕਰਨ ਲੱਗੇ ਹਨ। ਮੂਨਕ ਦੀ ਹਰਪ੍ਰੀਤ ਕੌਰ ਕੋਲ ਅਨੇਕਾਂ ਡਿਗਰੀਆਂ ਹਨ। ਉਹ ਐਜੂਕੇਸ਼ਨ ਵਿਚ ਪੀ.ਐੱਚ.ਡੀ ਹੈ। ਚਾਰ ਵਿਸ਼ਿਆਂ ਵਿਚ ਐਮ.ਏ ਹੈ, ਅੰਗਰੇਜ਼ੀ, ਐਜੂਕੇਸ਼ਨ ਤੇ ਰਾਜਨੀਤੀ ਸ਼ਾਸਤਰ ਵਿਚ ਐੱਮ.ਫਿਲ ਹੈ। ਟੈੱਟ ਪਾਸ ਹੈ ਤੇ ਡੀ.ਫਾਰਮੇਸੀ ਵੀ ਕੀਤੀ ਹੈ। ਡਿਗਰੀਆਂ ਦੀ ਟੀਸੀ ਉਸ ਨੇ ਵੇਖ ਲਈ ਹੈ। ਪ੍ਰਾਈਵੇਟ ਕਾਲਜ ’ਚੋਂ ਪ੍ਰਿੰਸੀਪਲ ਦੀ ਨੌਕਰੀ ਛੱਡ ਕੇ ਉਸ ਨੇ ਸਰਕਾਰੀ ਅਧਿਆਪਕ ਦੀ ਨੌਕਰੀ ਜੁਆਇਨ ਕਰ ਲਈ। ਉਮੀਦ ਬਣੀ ਤੇ ਸਰਕਾਰੀ ਭਰੋਸਾ ਵੀ ਦਿੱਤਾ ਗਿਆ ਕਿ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਕਰ ਦਿੱਤਾ ਜਾਏਗਾ। ਉਸ ਨੇ ਦੁੱਖਾਂ ਨੂੰ ਗੰਢ ਦੇ ਲਈ ਪਰ ਸਰਕਾਰ ਮੁੱਕਰ ਗਈ। ਬਾਪ ਜਹਾਨੋਂ ਚਲਾ ਗਿਆ, ਤਿੰਨ ਭੈਣਾਂ ’ਚੋਂ ਸਭ ਤੋਂ ਵੱਡੀ ਹੈ। ਵਿਧਵਾ ਭੈਣ ਲਈ ਵੀ ਉਹੀ ਇੱਕੋ ਇੱਕ ਸਹਾਰਾ ਹੈ। ਉਹ ਸਰਕਾਰਾਂ ਨੂੰ ਸਿਰਫ਼ ਆਪਣਾ ਕਸੂਰ ਪੁੱਛਦੀ ਹੈ। ਮੋਗਾ ਸ਼ਹਿਰ ਦੀ ਕਿਰਨਦੀਪ ਕੌਰ ਦੇ ਘਰ ਵੱਲ ਵੀ ਸਰਕਾਰ ਨਜ਼ਰ ਮਾਰੇ। ਕਿਰਨਦੀਪ ਕੌਰ ਪੰਜਾਬ ਯੂਨੀਵਰਸਿਟੀ ਦੀ ਐਮ.ਏ (ਹਿੰਦੀ) ਦੀ ਟੌਪਰ ਹੈ, ਨਾਲ ਐੱਮ.ਐੱਸ.ਸੀ (ਮੈਥੇਮਿਟਕਸ) ਵੀ ਹੈ। ਟੈੱਟ ਵੀ ਪਾਸ ਕੀਤਾ ਤੇ ਨੈੱਟ ਜੇ.ਆਰ.ਐੱਫ ਵੀ ਕਲੀਅਰ ਕੀਤਾ ਹੈ। ਪੀ.ਐੱਚ.ਡੀ ਦੀ ਇਨਰੋਲਮੈਂਟ ਹੋ ਗਈ ਸੀ ਤੇ ਪ੍ਰਾਈਵੇਟ ਕਾਲਜ ਵਿਚ ਰੈਗੂਲਰ ਲੈਕਚਰਾਰ ਵੀ ਬਣ ਗਈ ਸੀ। ਦੋਵੇਂ ਮੌਕੇ ਗੁਆ ਕੇ ਇਸ ਆਸ ’ਚ ਸਰਕਾਰੀ ਅਧਿਆਪਕਾਂ ਦੀ ਨੌਕਰੀ ਜੁਆਇਨ ਕੀਤੀ ਕਿ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਹੋ ਜਾਵੇਗੀ। ਮਾਂ ਬਲਵਿੰਦਰ ਕੌਰ ਨੇ ਧੀ ਲਈ ਹਰ ਖ਼ੁਸ਼ੀ ਕੁਰਬਾਨ ਕਰ ਦਿੱਤੀ। ਰੈਗੂਲਰ ਹੋਣ ਦੀ ਝਾਕ ’ਚ ਕਿਰਨਦੀਪ ਵਿਆਹ ਵੀ ਪਿੱਛੇ ਪਾਈ ਬੈਠੀ ਹੈ। ਸਿਆਸੀ ਜੌਹਰੀ ਇਨ੍ਹਾਂ ਧੀਆਂ ਦੇ ਹਾਉਕਿਆਂ ਨੂੰ ਨਹੀਂ ਸਮਝ ਸਕੇ। ਪਟਿਆਲਾ ਦੇ ਪਿੰਡ ਫ਼ਤਿਹਪੁਰ ਦੀ ਪਾਲ ਕੌਰ ਦੀ ਮਾਂ ਜ਼ਿੰਦਗੀ ਨੂੰ ਅਲਵਿਦਾ ਆਖ ਗਈ ਤੇ ਬਾਪ ਦਾ ਅਪਰੇਸ਼ਨ ਹੋਇਆ ਹੈ, ਜਿਸ ਉੱਤੇ ਇੱਕ ਲੱਖ ਦਾ ਖਰਚਾ ਆਇਆ ਹੈ। ਬਾਪ ਦੇ ਮੰਜੇ ’ਤੇ ਪੈਣ ਮਗਰੋਂ ਅਧਿਆਪਕਾ ਪਾਲ ਕੌਰ ਨੇ ਖ਼ੁਦ ਘਰੇਲੂ ਡੇਅਰੀ ਦਾ ਕੰਮ ਸੰਭਾਲ ਲਿਆ। ਘਰ ’ਚੋਂ ਵੱਡੀ ਹੋਣ ਨਾਤੇ ਉਹ ਪੀੜਾਂ ਦੇ ਝੱਖੜਾਂ ਨਾਲ ਟੱਕਰ ਲੈ ਰਹੀ ਹੈ। ਛੇ ਹਜ਼ਾਰ ਦੀ ਨੌਕਰੀ ਛੋਟੀ ਹੈ, ਉਸ ਦੇ ਮਾਪਿਆਂ ਦੇ ਦੁੱਖ ਵੱਡੇ ਹਨ। ਸਮੇਂ ਦੇ ਹਾਕਮ ਦੀ ਕਲਮ ਦੀ ਇੱਕ ਝਰੀਟ ਉਸ ਦੀ ਜ਼ਿੰਦਗੀ ਬਦਲ ਸਕਦੀ ਹੈ। ਤਿੰਨ ਵਰ੍ਹਿਆਂ ਮਗਰੋਂ ਵੀ ਰੈਗੂਲਰ ਨਹੀਂ ਹੋ ਸਕੀ। ਬਲਬੇੜਾ ਸਕੂਲ ਦੀ ਅੰਮ੍ਰਿਤਬੀਰ ਕੌਰ ਨੇ ਬੁਟੀਕ ਬੰਦ ਕਰਕੇ ਨੌਕਰੀ ਜੁਆਇਨ ਕੀਤੀ। ਜਦੋਂ ਸਰਕਾਰੀ ਨੀਅਤ ਵਿਚ ਖੋਟ ਨਜ਼ਰ ਆਈ ਤਾਂ ਮੁੜ ਸਿਲਾਈ ਮਸ਼ੀਨ ਉਸ ਦਾ ਸਾਥ ਦੇਣ ਲੱਗੀ। ਇਨ੍ਹਾਂ ਧੀਆਂ ਦਾ ਜੇਰਾ ਵੇਖਣ ਵਾਲਾ ਹੈ, ਜੋ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਨਾਲ ਰੁਜ਼ਗਾਰ ਹਾਸਲ ਕਰਨ ਲਈ ਵੀ ਲੜ ਰਹੀਆਂ ਹਨ। ਬਠਿੰਡਾ ਦੇ ਪਿੰਡ ਭੋਡੀਪੁਰਾ ’ਚ ਪੜ੍ਹਾ ਰਹੀ ਜਸਵੀਰ ਕੌਰ ਕੋਲ ਕੋਈ ਰਾਹ ਨਹੀਂ ਬਚਿਆ। ਉਸ ਦਾ ਪਤੀ ਮੰਜੇ ’ਤੇ ਹੈ ਜੋ ਨਾ ਬੋਲਦਾ ਹੈ ਤੇ ਨਾ ਹੀ ਖ਼ੁਦ ਖਾ ਪੀ ਰਿਹਾ ਹੈ। ਕੋਮਾ ਵਰਗੀ ਹਾਲਤ ਹੈ। ਹਾਦਸੇ ਮਗਰੋਂ ਸਭ ਕੁੱਝ ਪਤੀ ਦੇ ਇਲਾਜ ‘ਤੇ ਲੱਗ ਗਿਆ। ਪੱਕੇ ਹੋਣ ਦੀ ਉਮੀਦ ਵਿਚ ਬਠਿੰਡਾ ਦੀ ਨਿਰਮਲਜੀਤ ਕੌਰ 39 ਵਰ੍ਹਿਆਂ ਦੀ ਹੋ ਗਈ ਹੈ। ਠੇਕੇ ਦੀ ਨੌਕਰੀ ਉਸ ਦੀ ਨਵੀਂ ਜ਼ਿੰਦਗੀ ਦੇ ਰਾਹ ਵਿਚ ਅੜਿੱਕਾ ਬਣੀ ਹੋਈ ਹੈ। ਏਦਾਂ ਦੇ ਸੈਂਕੜੇ ਕੇਸ ਹਨ ਕਿ ਠੇਕੇ ਦੀ ਨੌਕਰੀ ਨੇ ਮਹਿਲਾ ਅਧਿਆਪਕਾਂ ਦੀ ਜ਼ਿੰਦਗੀ ਵਿਚ ਬਹਾਰ ਤੋਂ ਬਿਨਾਂ ਹੀ ਪਤਝੜ ਲਿਆ ਦਿੱਤੀ ਹੈ ਪਰ ਉਨ੍ਹਾਂ ਨੇ ਰੁਜ਼ਗਾਰ ਦੀ ਸਲਾਮਤੀ ਲਈ ਪਹਾੜ ਨਾਲ ਮੱਥਾ ਲਾਇਆ ਹੋਇਆ ਹੈ ਪਰ ਜੇ ‘ਪਹਾੜਾਂ’ ’ਤੇ ਜਾਣ ਵਾਲੇ ਇਨ੍ਹਾਂ ਦੇ ਦੁੱਖ-ਦਰਦ ਨੂੰ ਸਮਝਦੇ ਤਾਂ ਸ਼ਾਇਦ ਅੱਜ ਪਟਿਆਲਾ ਵਿਚ ਨਾਅਰੇ ਨਾ ਗੂੰਜਦੇ। ‘ਪਟਿਆਲਾ ਮੋਰਚਾ ‘ ਵਿਚ ਪੰਜ ਮਹਿਲਾ ਅਧਿਆਪਕਾਂ ਜਸਪ੍ਰੀਤ ਕੌਰ, ਨਮਿਤਾ, ਪ੍ਰਦੀਪ ਵਰਮਾ, ਕੁਲਜੀਤ ਕੌਰ ਤੇ ਰਜਿੰਦਰ ਕੌਰ ਨੂੰ ਮਰਨ ਵਰਤ ਵੀ ਰੱਖਣਾ ਪਿਆ। ਮੋਰਚੇ ਦੇ ਆਗੂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਤੋਂ ਵਾਪਸੀ ਦੀ ਉਡੀਕ ਵਿਚ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਟੈੱਟ ਪਾਸ ਅਧਿਆਪਕਾਂ ਚੋਂ 5178 ਅਸਾਮੀਆਂ ਚੋਂ ਸਿਰਫ਼ 2500 ਅਧਿਆਪਕ ਭਰਤੀ ਕੀਤੇ ਸਨ ਜਿਨ੍ਹਾਂ ਨੂੰ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਕੀਤਾ ਜਾਣਾ ਸੀ। ‘5178 ਮਾਸਟਰ ਕਾਡਰ ਯੂਨੀਅਨ’ ਪੰਜਾਬ ਦੇ ਪ੍ਰਧਾਨ ਜਸਵਿੰਦਰ ਔਜਲਾ ਤੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕੋਠਾ ਗੁਰੂ ਦਾ ਪ੍ਰਤੀਕਰਮ ਸੀ ਕਿ ਸਰਕਾਰ ਹੁਣ ਨਿਯਮਾਂ ਤੇ ਕੀਤੇ ਵਾਅਦੇ ਮੁਤਾਬਿਕ ਨਵੰਬਰ 2017 ਤੋਂ ਉਨ੍ਹਾਂ ਨੂੰ ਰੈਗੂਲਰ ਕਰੇ। ਹੀਰੇ ਮੋਤੀਆਂ ਦਾ ਨਾ ਪਿਆ ਮੁੱਲ ਠੇਕੇ ਵਾਲੇ ਅਧਿਆਪਕ ਵੀ ਦੋ ਹੱਥ ਕਰਨ ਲਈ ਸੜਕਾਂ ‘ਤੇ ਨਿਕਲੇ ਹਨ। ਮਾਨਸਾ ਦੇ ਬੀਰੋਕੇ ਕਲਾਂ ਦਾ ਅਧਿਆਪਕ ਗੁਰਪ੍ਰੀਤ ਸਿੰਘ ਐਮ.ਫਿੱਲ (ਅੰਗਰੇਜ਼ੀ) ਵਿਚ ਯੂਨੀਵਰਸਿਟੀ ਟਾਪਰ ਹੈ। ਬਾਪ ਦੇ ਦੋਵੇਂ ਗੁਰਦੇ ਖ਼ਰਾਬ ਹਨ ਤੇ ਪਤਨੀ ਨੂੰ ਪੀਲੀਆ ਹੈ। ਇਲਾਜ ਲਈ ਛੇ ਹਜ਼ਾਰ ਕਿਤੇ ਨਹੀਂ ਟਿਕਦਾ। ਕਪੂਰਥਲਾ ਦੇ ਪਿੰਡ ਖੇੜਾ ਦੇ ਅੰਗਹੀਣ ਅਧਿਆਪਕ ਕੁਲਦੀਪ ਰਾਮ ਨੇ ਤਾਂ ਰਾਤ ਵਕਤ ਚੌਕੀਦਾਰੀ ਕਰਨੀ ਵੀ ਸ਼ੁਰੂ ਕੀਤੀ ਪਰ ਹੁਣ ਉਹ ਕਿਸੇ ਦੁਕਾਨ ’ਤੇ ਮੁਨੀਮੀ ਕਰਨ ਲੱਗਾ ਹੈ। ਨਰੂਆਣਾ (ਬਠਿੰਡਾ) ਦਾ ਅਮਰਜੀਤ ਸਿੰਘ ਅਤੇ ਫ਼ਰੀਦਕੋਟ ਦਾ ਪ੍ਰਦੁਮਣ ਸਿੰਘ ਰੈਗੂਲਰ ਹੋਣ ਦੀ ਝਾਕ ਵਿੱਚ ਵਿਆਹੁਤਾ ਸਫ਼ਰ ਹੀ ਨਹੀਂ ਸ਼ੁਰੂ ਕਰ ਸਕੇ।