“ਅੰਨਦਾਤਾ…….”

ਗੁਰਵੀਰ ਅਤਫ਼
(ਸਮਾਜ ਵੀਕਲੀ)

ਮੈਂ ਜੱਟ ਹਾਂ ,ਕਿਸਾਨ ਹਾਂ ,
ਪਰ ਕਰਜ਼ਈ ਹਾਂ ।
ਅੰਨਦਾਤਾ ਹਾਂ ,ਅਨਸਾਰ ਹਾਂ (ਸਹਾਇਤਾਕਰਨ ਵਾਲਾ)
ਪਰ ਕਰਜ਼ਈ ਹਾਂ।
ਧਰਤੀ ਮੇਰੀ ਮਾਂ ਹੈ, ਮਿੱਟੀ ਦਾ ਮੈਂ ਜਾਇਆ।
ਢਿੱਡ ਭਰਨ ਲਈ  ਹਰ ਇੱਕ ਦਾ
ਮੈਂ ਦੁਨੀਆ ਤੇ ਆਇਆ।
ਮੈਂ ਅਧੂਰਾ ਰਾਹਗੁਜ਼ਰ,ਮੈਂ ਖੇਤ ਵਾਲੀ ਕੱਚੀ ਪਹੀ ਹਾਂ।
ਮੈਂ ਜੱਟ ਹਾਂ, ਕਿਸਾਨ ਹਾਂ ਪਰ…………….!
ਸੂਰਜ ਨਿਕਲਣ ਤੋਂ ਪਹਿਲਾ ਹੀ,
ਮੈਂ ਨਿਕਲ਼ਾਂ ਘਰ ਤੋਂ ਬਾਹਰ।
ਕਈ ਕਈ ਰਾਤਾਂ ਗੁਜ਼ਾਰ ਦਿਆਂ ,
ਸੱਪਾਂ, ਮੱਛਰਾਂ ਵਿਚਕਾਰ।
ਕਦੇ ਹੜ੍ਹ ਕਦੇ ਸੋਕਾ ,
ਆਫ਼ਤ ਆਉਦੀ ਬਾਰ-ਬਾਰ ।
ਮੈਂ ਕੁਦਰਤ ਦਾ ਹਰ ਜ਼ੁਲਮ ਕਬੂਲ ਕਰਨ ਲਈ ਹਾਂ।
ਮੈਂ ਜੱਟ ਹਾਂ ,ਕਿਸਾਨ ਹਾਂ ਪਰ…………….!
ਮੈਂ ਹੱਥੀ ਲਾਵਾਂ ਹੱਥੀ ਵੱਡ ਸੁੱਟਾਂ ,
ਇਹ ਫਸਲਾਂ ਮੇਰੀਆਂ ਮੇਰੀ ਕਮਾਈ ਨੇ।
ਇਹ ਮਾਂਵਾਂ ਫਸਲਾਂ ਮੇਰੀਆਂ,ਮੰਡੀ ਵਿੱਚ ਅਜਾਈਂ ਨੇ।
ਮੈਂ ਆਪਣੀਆਂ ਫਸਲਾਂ ਲਈ , ਆਪਣੇ ਸੁਪਨਿਆਂ ਲਈ ,
ਕਦੇ ਕਹਾੜੀ ਕਦੇ ਕਹੀ ਆਂ।
ਮੈਂ ਜੱਟ ਹਾਂ,ਕਿਸਾਨ ਹਾਂ ਪਰ..……………!
ਕਲ ਤੱਕ ਕਿਸ਼ਤ ਵੀ ਦੇਣੀ ਏ, ਵਿਆਜ ਵੀ ਭਰਨਾ ਏ।
ਚਾਰ ਧੀਆਂ ਮੇਰੇ ਉਹਨਾਂ ਦਾ ਵਿਆਹ ਵੀ ਕਰਨਾ ਏ।
ਆਪਣੀ ਮਾਂ ਨੂੰ ਗਹਿਣੇ ਧਰਕੇ ਵੀ,
ਨਾ ਡੰਗ ਮੇਰਾ ਸਰਨਾ ਏ।
ਫਾਹਾ ਹੀ ਲੈ ਲਵਾਂ ਮੈਂ, ਨਹੀਂ ਸ਼ਾਹੂਕਾਰਾਂ ਲੜਨਾ ਏ।
ਮੇਰੇ ਬਿਨ ਪਟਵਾਰੀਆਂ ਦੀਆ ਖਾਲ਼ੀ ਫ਼ਰਦਾਂ ,
ਮੈਂ ਆੜਤੀਆਂ ਦੀ ਵਹੀ ਹਾਂ।
ਮੈਂ ਜੱਟ ਹਾਂ, ਕਿਸਾਨ ਹਾਂ ਪਰ……………….!
ਸਭ ਨੂੰ ਪਾਲਣ ਵਾਲਾ ਅੱਜ ਅੰਨਦਾਤਾ ਮੈਂ,
ਭੁੱਖਾ ਤੇ ਲਾਚਾਰ ਬਣਾ ਦਿੱਤਾ ਸਰਕਾਰ ਨੇ।
ਲੱਕ ਤੋੜ ਲਿਆ ਮੇਰਾ ,
ਕਰਜ਼ੇ ਤੇ .ਖਮੀਆਂ ਦੇ ਭਾਰ ਨੇ।
ਮੈਂ ਹੀ ਬਾਡਰ ਤੇ ਮੈਂ ਸੜਕਾਂ ਤੇ,
ਮੈਂ ਬਲੀ ਦਾ ਬੱਕਰਾਂ ਬਣਦਾ ਹਰ ਬਾਰ ਹਾਂ।
ਮੈਂ ਪਰਦੇ ਉੱਪਰ ਕਹਾਣੀ ਸ਼ਾਨ ਸ਼ੌਕਤ ਵਾਲੀ,
ਪਰਦੇ ਹੇਠ ਮੇਰੀ ਗੰਭੀਰ ਕਹਾਣੀ।
ਮੈਂ ਝੂਠੀ ਜਿਹੀ ਹਕੀਕਤ ,
ਛਿਪਦੀ ਹੋਈ ਚਲਕੋਰ,‘ਗੁਰਵੀਰ’ ਜਿਹੀ ਹਾਂ ।
ਮੈ ਜੱਟ ਹਾਂ ,ਕਿਸਾਨ ਹਾਂ ਪਰ ਕਰਜ਼ਈ ਹਾਂ।
ਅੰਨਦਾਤਾ ਹਾਂ ਅਨਸਾਰ ਹਾਂ ਪਰ ਕਰਜ਼ਈ ਹਾਂ।
                                          ਗੁਰਵੀਰ ਅਤਫ਼
                                        ਛਾਜਲਾ (ਸੰਗਰੂਰ)
                                  M: 87259-62914
Previous articleमैंनस यूनियन द्वारा जन जागरण सप्ताह” तहत विरोध प्रदर्शन
Next articleਨਿੱਤ ਹਾਦਸੇ ਹੋਣ ਦੇ ਬਾਵਜੂਦ ਵੀ ਨਹੀਂ ਈ.ਓ. ਨੂਰਮਹਿਲ ਨੂੰ ਕੋਈ ਪ੍ਰਵਾਹ