ਨਿੱਤ ਹਾਦਸੇ ਹੋਣ ਦੇ ਬਾਵਜੂਦ ਵੀ ਨਹੀਂ ਈ.ਓ. ਨੂਰਮਹਿਲ ਨੂੰ ਕੋਈ ਪ੍ਰਵਾਹ

ਫੋਟੋ : ਸੜਕ ਵਿਚਕਾਰ ਟੋਏ ਕਾਰਣ ਹਾਦਸੇ ਦਾ ਸ਼ਿਕਾਰ ਬਣੇ ਮਨਜਿੰਦਰ ਦਾ ਹਾਲ-ਚਾਲ ਪੁੱਛਦੇ ਹੋਏ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ।

ਪੱਤਰ ਲਿਖ ਕੇ ਈ.ਓ. ਦੇ ਤਬਾਦਲੇ ਦੀ ਕੀਤੀ ਮੰਗ – ਅਸ਼ੋਕ ਸੰਧੂ ਨੰਬਰਦਾਰ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਨੂਰਮਹਿਲ ਵਿਖੇ ਗੁਰਦੁਆਰਾ 7ਵੀਂ ਪਾਤਸ਼ਾਹੀ ਅਤੇ ਸ਼ਾਹ ਫ਼ਤਹਿ ਅਲੀ ਧਾਰਮਿਕ ਅਸਥਾਨ ਦੇ ਬਾਹਰ ਬੀਤੇ 40 ਦਿਨਾਂ ਤੋਂ ਨਗਰ ਕੌਂਸਲ ਨੂਰਮਹਿਲ ਦੇ ਈ.ਓ. ਰਣਦੀਪ ਸਿੰਘ ਦੀ ਲਾਪਰਵਾਹੀ ਦੇ ਚਲਦਿਆਂ ਪ੍ਰਮੁੱਖ ਸੜਕ ਵਿਚਕਾਰ ਪਿਆ ਟੋਇਆ ਨਿੱਤ ਲੋਕਾਂ ਦਾ ਖੂਨ ਚੂਸ ਰਿਹਾ ਹੈ।

ਇਹ ਟੋਇਆ ਉਸ ਵਕਤ ਹੋਰ ਭਿਅੰਕਰ ਰੂਪ ਅਖਤਿਆਰ ਕਰ ਲੈਂਦਾ ਜਦੋਂ ਇੱਥੇ ਸੀਵਰੇਜ ਦਾ ਪਾਣੀ ਫੁਆਰੇ ਮਾਰਨ ਲੱਗ ਜਾਂਦਾ ਹੈ ਅਤੇ ਸਾਰੀ ਸੜਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਲੋਕ ਇਸ ਪ੍ਰਮੁੱਖ ਸੜਕ ਨੂੰ ਬਣਾਉਣ ਵਾਸਤੇ ਦੁਹਾਈ ਪਾ ਰਹੇ ਹਨ ਪਰ ਈ.ਓ. ਨੂਰਮਹਿਲ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਬੜੇ ਅਫ਼ਸੋਸ ਦੀ ਗੱਲ ਹੈ ਕਿ ਪੂਰੀ ਨਗਰ ਕੌਂਸਲ ਲੋਕਾਂ ਨੂੰ ਰਾਹਤ ਦਿਵਾਉਣ ਦੀ ਖ਼ਾਤਿਰ 40 ਦਿਨਾਂ ਵਿੱਚ ਇੱਕ ਸੜਕ ਵਿਚਕਾਰ ਟੋਏ ਨੂੰ ਠੀਕ ਨਹੀਂ ਕਰ ਸਕੀ ਜਦਕਿ ਪੂਰੀ ਸੜਕ ਠੀਕ ਹੋਣੀ ਅਤਿ ਜ਼ਰੂਰੀ ਹੈ।

ਨਗਰ ਕੌਂਸਲ ਦੀ ਉੱਤਮ ਕਿਸਮ ਦੀ ਲਾਪਰਵਾਹੀ ਨੂੰ ਦੇਖਦਿਆਂ ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਡੀ.ਸੀ. ਜਲੰਧਰ ਪਾਸ ਲਿਖਤੀ ਸ਼ਿਕਾਇਤ ਕਰਦਿਆਂ ਤੁਰੰਤ ਪ੍ਰਭਾਵ ਨਾਲ ਈ.ਓ. ਨੂਰਮਹਿਲ ਦੀ ਬਦਲੀ ਦੀ ਮੰਗ ਕੀਤੀ ਹੈ ਅਤੇ ਲਿਖਤੀ ਸ਼ਿਕਾਇਤ ਦਾ ਉਤਾਰਾ ਡਿਪਟੀ ਡਾਇਰੈਕਟਰ ਜਲੰਧਰ ਨੂੰ ਵੀ ਭੇਜਿਆ ਹੈ। ਜ਼ਿਲਾ ਪ੍ਰਧਾਨ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਨੂਰਮਹਿਲ ਦੀ ਇਸ ਪ੍ਰਮੁੱਖ ਸੜਕ ਨੂੰ ਠੀਕ ਕਰਕੇ ਰੋਜ਼ ਹੋਣ ਵਾਲੇ ਗੰਭੀਰ ਹਾਦਸਿਆਂ ਤੋਂ ਲੋਕਾਂ ਨੂੰ ਨਿਜ਼ਾਤ ਦੁਆਈ ਜਾਵੇ।

ਰੋਜ਼ਾਨਾ ਹੋਣ ਵਾਲੇ ਹਾਦਸਿਆਂ ਵਿੱਚ ਪਿੰਡ ਸਿੱਧਮ ਹਰੀ ਸਿੰਘ ਦਾ ਮਨਜਿੰਦਰ ਨਾਂ ਦਾ ਵਿਅਕਤੀ ਬੁਰੀ ਤਰ੍ਹਾਂ ਛਿੱਲਿਆ ਗਿਆ, ਮਨਜਿੰਦਰ ਦਾ ਸਾਰਾ ਜਬਾੜਾ ਹਿੱਲ ਗਿਆ। 108 ਨੰਬਰ ਐਮਬੂਲੈਂਸ ਨੇ ਉਸਦੀ ਜਾਨ ਬਚਾਈ। ਉਸਦੀ ਮਾਤਾ ਨੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੂੰ ਦੱਸਿਆ ਕਿ ਘਰ ਵਿੱਚ ਸਿਰਫ਼ ਮਨਜਿੰਦਰ ਹੀ ਸੀ ਜੋ ਰੋਜ਼ਾਨਾ ਕਮਾਕੇ ਪਰਿਵਾਰ ਦਾ ਢਿੱਡ ਭਰਦਾ ਸੀ, ਕੋਵਿਡ ਕਰਕੇ ਅਸੀਂ ਪਹਿਲਾਂ ਹੀ ਬਹੁਤ ਤੰਗ-ਪ੍ਰੇਸ਼ਾਨ ਹਾਂ, ਹੁਣ ਇਸਦੇ ਐਕਸੀਡੈਂਟ ਹੋਣ ਕਾਰਣ ਇੱਕ ਵੇਲੇ ਦੀ ਰੋਟੀ ਖਾਣ ਤੋਂ ਵੀ ਅਸਮਰੱਥ ਹੋ ਗਏ ਹਾਂ।

Previous articleMaduro reaffirms Venezuela’s commitment to UN 2030 Agenda
Next articleਯੂ.ਕੇ ਵਲੋਂ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਚਿਤਾਵਨੀ