ਅੰਦੋਲਨਜੀਵੀ ਬਨਾਮ ਘੁਮੰਡਜੀਵੀ

ਚਾਨਣ ਦੀਪ ਸਿੰਘ ਔਲਖ

*ਅੰਦੋਲਨਜੀਵੀ ਨਹੀਂ ਘੁਮੰਡਜੀਵੀ ਹੈ ਨਵੀਂ ਜਮਾਤ*

(ਸਮਾਜ ਵੀਕਲੀ)-       ਪਿਛਲੇ ਦਿਨੀਂ ਬਜ਼ਟ ਸੈਸ਼ਨ ਵਿੱਚ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਦੇ ਧੰਨਵਾਦ ਮਤੇ ਤੇ ਬੋਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਘਰਸ਼ਸ਼ੀਲ ਲੋਕਾਂ ਨੂੰ ਨਵਾਂ ਨਾਮ ‘ਅੰਦੋਲਨਜੀਵੀ’ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਨਵੀਂ ਜਮਾਤ ਅੰਦੋਲਨਜੀਵੀ ਪੈਦਾ ਹੋ ਗਈ ਹੈ ਜੋ ਪ੍ਰਦਰਸ਼ਨ ਕੀਤੇ ਬਿਨਾਂ ਨਹੀਂ ਰਹਿ ਸਕਦੀ।  ਉਨ੍ਹਾਂ ਤਿੰਨ ਕਨੂੰਨ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਜੂਝਾਰੂ ਕਿਸਾਨਾਂ ਲਈ ਇਹ ਗੱਲ ਕਹੀ ਜੋਂ ਕਿ ਇੱਕ ਦੇਸ਼ ਦੇ ਮੁੱਖੀ ਹੋਣ ਦੇ ਨਾਮ ਤੇ ਬਹੁਤ ਹੀ ਸ਼ਰਮਨਾਕ ਬਿਆਨ ਹੈ। ਉਹ ਹੱਸ ਹੱਸ ਕੇ ਇਹ ਗੱਲਾਂ ਆਖ ਰਹੇ ਸਨ ਅਤੇ ਉਨ੍ਹਾਂ ਵਿੱਚ ਪੋਹ ਮਾਘ ਦੀ ਠੰਢ ਵਿੱਚ ਸੜਕਾਂ ਤੇ ਰੁਲਦੇ ਅੰਨਦਾਤੇ ਪ੍ਰਤੀ ਕੋਈ ਦਰਦ ਦਿਖਾਈ ਨਹੀਂ ਦੇ ਰਿਹਾ ਸੀ। ਕੀ ਇਹ ਕਿਸਾਨ ਕਿਸੇ ਚਾਅ ਨਾਲ ਇਹ ਅੰਦੋਲਨ ਕਰ ਰਹੇ ਹਨ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਸ ਬਿਆਨ ਵਿੱਚ ਆਪਣੇ ਨਾਲ ਅਸਹਿਮਤ ਆਵਾਜ਼ਾਂ, ਇਨਸਾਫ਼  ਲਈ ਲੜਨ ਵਾਲੇ ਨਾਗਰਿਕਾਂ, ਅਧਿਕਾਰਾਂ ਅਤੇ ਸਵਿਧਾਨਕ ਸੁਤੰਤਰਤਾ ਦੇ ਲਈ ਲੜਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੇ ਬਿਆਨ ਦਾ ਮਤਲਬ ਹੈ ਕਿ ਸਿਰਫ ਮੈਂ ਹੀ ਸਹੀ ਹਾਂ ਮੇਰੇ ਨਾਲ ਅਸਹਿਮਤ ਹੋਣ ਵਾਲੇ ਸਭ ਗ਼ਲਤ ਹਨ। ਉਨ੍ਹਾਂ ਦੀ ਸੋਚ ਦਾ ਇਹ ਤਰੀਕਾ ਤਾਨਾਸ਼ਾਹ ਸੱਤਾ ਦਾ ਸਟੀਕ ਉਧਾਹਰਣ ਹੈ।

ਉਨ੍ਹਾਂ ਨੂੰ ਦੱਸਣਾ ਬਣਦਾ ਹੈ ਕਿ ਅੰਦੋਲਨਜੀਵੀ ਤਾਂ ਦੇਸ਼ ਵਿੱਚ ਹਮੇਸ਼ਾ ਤੋਂ ਸਨ ਅਤੇ ਰਹਿਣਗੇ ਪਰ ਹੁਣ ਦੇਸ਼ ਵਿੱਚ ਇੱਕ ਹੋਰ ਨਵੀਂ ਜਮਾਤ ਜ਼ਰੂਰ ਪੈਂਦਾ ਹੋਈ ਹੈ ਜਿਸ ਦਾ ਨਾਮ ‘ਘੁਮੰਡਜੀਵੀ’ ਹੈ। ਜੋ ਜਨਤਾ ਨੂੰ ਵੱਡੇ-ਵੱਡੇ ਸੁਪਨੇ ਵਿਖਾ ਕੇ ਵੋਟਾਂ ਮੰਗਦੀ ਹੈ ਅਤੇ ਸਤਾ ਵਿੱਚ ਆ ਕੇ ਘੁਮੰਡੀ ਬਣ ਲੋਕ ਮਾਰੂ ਫੈਸਲੇ ਕਰਦੀ ਹੈ ਅਤੇ ਜਨਤਾ ਦੀ ਹਾਲ ਦੁਹਾਈ ਤੇ ਵੀ ਅੱਖਾਂ ਮੀਟ ਕੇ ਬੈਠੀ ਰਹਿੰਦੀ ਹੈ। ਜੇਕਰ ਲੋਕ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਤਾਂ ਉਹ ਸੜਕਾਂ ਵਿੱਚ ਟੋਏ ਤੱਕ ਪੁੱਟਵਾ ਦਿੰਦੀ ਹੈ। ਇਹ ਜਮਾਤ ਉਂਝ ਤਾਂ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਅਖਵਾਉਂਦੀ ਹੈ ਪਰ ਤਲਵੇ ਕਾਰਪੋਰੇਟਰਾਂ ਦੇ ਚਟਦੀ ਹੈ ਅਤੇ ਉਨ੍ਹਾਂ ਦੇ ਹੀ ਕਹਿਣੇ ਵਿੱਚ ਚਲਦੀ ਹੈ।

ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਨਾਮ ਜਾਂ ਨੋਟ ਹੀ ਤਾਂ ਬਦਲੇ ਹਨ ਹੋਰ ਕੀਤਾ ਹੀ ਕੀ ਹੈ। ਧਿਆਨ ਦੇਣ ਯੋਗ ਹੈ ਕਿ ਕਰੋਨਾ ਕਾਲ ਵਿੱਚ ਜਦੋਂ ਸਭ ਕੰਮ ਠੱਪ ਹੋਣ ਕਾਰਨ ਦੇਸ਼ ਦੀ ਜੀ ਡੀ ਪੀ ਹੇਠਾਂ ਡਿੱਗ ਰਹੀ ਸੀ ਤਾਂ ਸਿਰਫ਼ ਕਿਸਾਨੀ ਨੇ ਹੀ ਲਾਜ ਰੱਖੀ ਸੀ। ਹਾਂ ਜੇਕਰ ਇਹ ਅੰਦੋਲਨਜੀਵੀ ਜਮਾਤ ਨਾ ਹੁੰਦੀ ਤਾਂ ਸਾਡਾ ਦੇਸ਼ ਆਜ਼ਾਦ ਨਾ ਹੁੰਦਾ, ਲੋਕਾਂ ਨੂੰ ਉਨ੍ਹਾਂ ਦੇ ਹੱਕ ਨਾ ਮਿਲਦੇ ਅਤੇ ਤੁਹਾਡੇ ਵਰਗੇ ਅਖੌਤੀ ਚੋਕੀਦਾਰ ਕਦੋਂ ਦਾ ਦੇਸ਼ ਨੂੰ  ਵੇਚ ਕੇ ਜ਼ਰੂਰ ਖਾ ਜਾਂਦੇ।

ਬਾਕੀ ਕਿਸਾਨ ਅੰਦੋਲਨ ਨੂੰ ਇਸ ਤਰ੍ਹਾਂ ਦੇ ਬਿਆਨਾਂ ਨਾਲ ਕੋਈ ਫ਼ਰਕ ਨਹੀਂ ਪੈਣ ਲੱਗਾ ਕਿਉਂਕਿ ਪਹਿਲਾਂ ਵੀ ਇਹ ਗੋਦੀ ਮੀਡੀਆ ਦੀ ਮਦਦ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਤਵਾਦੀ, ਵੱਖਵਾਦੀ, ਖਾਲਿਸਤਾਨੀ ਆਦਿ ਅਨੇਕਾਂ ਨਾਮ ਦੇ ਚੁੱਕੇ ਹਨ। ਚਾਹੇ ਜਿਨੇਂ ਮਰਜ਼ੀ ਨਾਮ ਦੇਵੋ ਪਰ ਸੱਚ ਤਾਂ ਇਹ ਹੈ ਕਿ ਕਿਸਾਨੀ ਮੁੱਦੇ ਤੇ ਕੁਝ ਕੁ ਅੰਧਭਗਤਾਂ ਨੂੰ ਛੱਡ ਕੇ ਪੂਰਾ ਦੇਸ਼ ਦਿਲੋਂ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਇਹ ਸੰਘਰਸ਼ ਪੂਰੀ ਦੁਨੀਆਂ ਦੀ ਹਮਾਇਤ ਪ੍ਰਾਪਤ ਕਰ ਰਿਹਾ ਹੈ।

ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ), ਸੰਪਰਕ 9876888177

Previous articleAhead of Priyanka’s visit, Section 144 imposed in Saharanpur
Next articleFarmer protests will go on indefinitely: Rakesh Tikait