ਝੂਠੀ ਹੈਂਕੜ ਚ ਗੁਆਚੇ ਜੀਊੜਿਆ
ਤੇਰੇ ਵਾਸਤੇ
ਅਸੀਂ ਹਾਰਿਆਂ ਵਿਚੋਂ ਹੀ ਸਹੀ
ਪਰ ਇਹ ਨਾ ਸਮਝੀਂ
ਕਿ ਅਸੀਂ, ਹਾਰ ਕਬੂਲ ਕਰ ਲਈ ਹੈ।
ਅਜੇ ਤਾਂ ਬਹੁਤ ਨੇ ਸੱਧਰਾਂ
ਬਹੁਤ ਲੰਬਾ ਹੈ ਰਸਤਾ
ਬਹੁਤ ਦੂਰ ਹੈ ਮੰਜ਼ਿਲ
ਸੱਧਰਾਂ ਦੇ ਪੂਰੇ ਹੋਣ ਤੱਕ
ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ
ਕੋਈ ਕਿਵੇਂ ਟਿਕ ਕੇ ਬੈਠ ਸਕਦਾ ਹੈ ?
ਅਜੇ ਤਾਂ ਅਸੀਂ
ਸੂਰਜ ਦਾ ਮੱਥਾ ਚੁੰਮਣਾ ਹੈ
ਉਸਤੋਂ ਲੈ ਕੇ ਤੇਜ
ਨੇਰ੍ਹ ਭਰੀ, ਸੋਚੋਂ ਸੱਖਣੀ
ਮਨਾਂ ਵਾਲੀ
ਬੰਜਰ ਹੋ ਰਹੀ ਧਰਤ ਦੀ
ਹਿੱਕ ‘ਤੇ ਸਿਆੜ ਕੱਢ
ਸਿਆੜਾਂ ਦੀ ਕੁੱਖ ਵਿਚ
ਗਿਆਨ ਦਾ ਚਾਨਣ ਬੀਜਣਾ ਹੈ,
ਨੇਰ੍ਹਿਆਂ ਨੂੰ ਹਰਾਉਣ ਲਈ
ਭੁਰ ਗਏ ਮੱਥਿਆਂ ਅੰਦਰ
ਆਸ ਦਾ ਦੀਵਾ ਬਾਲਣਾ ਹੈ।
ਗਿਆਨ ਦਾ ਚੌਮੁਖੀਆ ਦੀਵਾ
ਸਾਰੇ ਹਨੇਰੇ ਨੂੰ ਡੀਕ ਲਵੇਗਾ
ਚੁਫੇਰਾ ਸਾਫ ਸਾਫ ਨਜ਼ਰ ਆਵੇਗਾ!
ਬਹੁਤ ਕੁੱਝ ਹੈ ਕਰਨ ਵਾਲਾ
ਥੱਕਿਆ ਮਨੁੱਖ ਵੀ-ਸੋਚਦਾ ਹੈ !
ਸਮੇਂ ਨੂੰ ਧੱਕਾ ਹੀ ਨਹੀਂ ਲਾਉਂਦਾ
ਰੋਣੇ ਨਹੀਂ ਰੋਂਦਾ
ਮਰਨ ਦਾ ਨਹੀਂ, ਜੀਊਣ ਬਾਰੇ ਸੋਚਦਾ ਹੈ
ਸਵਾਲ ਪੈਦਾ ਕਰਦਾ ਹੈ
ਆਪਣੇ ਤੇ ਬੇਗਾਨਿਆਂ ਨਾਲ
ਸੰਵਾਦ ਰਚਾਉਂਦਾ ਹੈ
ਬਹਿਸਾਂ ਕਰਦਾ ਹੈ
‘ਗੋਸ਼ਟਿ’ ਦੇ ਵਿਹੜੇ ਬਹਿ
ਮਸਲੇ ਰਿੜਕਦਾ/ ਵਿਚਾਰਦਾ ਹੈ
ਜਿੰਦਾ ਦਿਲ ਤੇ ਸੋਚਵਾਨ ਹੋਣ ਦੀ
ਗਵਾਹੀ ਭਰਦਾ ਹੈ।
ਤੇਰਾ ਕਰਮ ਤਾਂ ਹੁਣ
ਦਰਬਾਰੀ ਹੋ ਗਿਆ ਹੈ
ਇਹ ਦੁਰ-ਕਰਮ ਨਾ ਕਰ
ਇੰਜ ਦੀ ਮੌਤ ਨਾ ਮਰ
ਨਹੀਂ ਤਾਂ ਲੋਕ,
ਪੀੜ੍ਹੀਆਂ ਤੱਕ ਲਾਅਨਤਾਂ ਪਾਉਣਗੇ
ਤੇ ਤੂੰ ਇਉਂ
ਅਣਖ ਨੂੰ ਲੀਕ ਨਾ ਲਾ
ਵਿਰਸੇ ਦੇ ਨਾਮ ਬੇਦਾਵਾ ਨਾ ਲਿਖ
ਮਾਂ ਦੇ ਦੁੱਧ ਨੂੰ ਲਾਜ ਨਾ ਲਾ।
ਤੇਰੇ ਪੱਲੇ ਕਿਉਂ
ਹਵਸ ‘ਤੇ ਇਸ਼ਕ ਦੀ ਲੇਪ
ਕਰਨਾ ਹੀ ਰਹਿ ਗਿਆ ਹੈ
ਕਿਹੜੇ ਅੰਬਰੀਂ ਗੁਆਚ ਗਿਐਂ
ਮੱਥੇ ਨੂੰ ਸਾਫ ਕਰ
ਇਹਦੇ Ḕਚ ਜੰਮੀ ਗਾਰ ਕੱਢ ਦੇਹ
ਕਰ ਇਸਦੀ ‘ਕਾਰ ਸੇਵਾ’
‘ਅਸਮਾਨ’ ਸਾਫ-ਸੁਥਰਾ ਦਿਸੇਗਾ।
ਦੂਜਿਆ ਦੇ ਦੁੱਖ-ਤਕਲੀਫਾਂ
ਸਪਸ਼ਟ ਨਜ਼ਰ ਆਉਣਗੇ
ਸ਼ਾਇਦ! ਤੈਨੂੰ ਆਪਣੇ-ਆਪੇ ਦਾ ਵੀ
ਚੇਤਾ ਆ ਜਾਵੇ
ਤੇ ਤੂੰ —
ਜੀਊਣ ਦਾ ਚੱਜ / ਮਕਸਦ ਸਿੱਖ ਜਾਵੇਂ।
ਆਪਣੇ ਆਪ ਨੂੰ ਭੁੱਲ ਕੇ ਲੱਭਣਾ
ਬੜਾ ਔਖਾ ਹੁੰਦਾ ਹੈ –
ਪਰ, ਅਸੰਭਵ ਨਹੀਂ ਹੁੰਦਾ।
ਜਤਨ ਕਰਨ ਵਾਲਿਆਂ ਨੇ ਹੀ
ਵਗਦੀ ਹਵਾ ਨੂੰ ਫੜਿਆ ਹੈ,
ਬੇਰੋਕ ਪਾਣੀਆਂ ਨੂੰ ਬੰਨ੍ਹ ਮਾਰੇ
ਰੰਕਾਂ ਨੂੰ ਰਾਜੇ ਬਣਾਇਆ
ਹੇਠਲੀ ਉੱਤੇ ਕੀਤੀ ਹੈ
ਔਖੀਆਂ ਮੰਜ਼ਿਲਾਂ ਉੱਤੇ ਪੈਰ ਧਰੇ
ਸੁਪਨਿਆਂ ਨੂੰ ਰੁਲਣ ਨਹੀਂ ਦਿੱਤਾ
ਇਹ ਵੀ ਭੁੱਲ ਨਾ ਜਾਵੀਂ
ਸੁਪਨੇ ਕਦੇ ਮਰਦੇ ਵੀ ਨਹੀਂ ਹੁੰਦੇ।
ਯਾਦ ਰੱਖੀਂ
ਮੈਲ਼ੇ ਹੋ ਗਏ ਮਨਾਂ ਦੇ ਅੰਦਰ
ਨਿਰਮਲਤਾ ਨਹੀਂ ਉੱਗਦੀ
ਆਪਣੇ ਆਪ ਲਈ ਜੀਊਣ ਵਾਲੇ
ਕਿਸੇ ਦੂਜੇ ਦਾ ਨਹੀਂ ਸੋਚਦੇ।
ਬੇਗਾਨੇ ਨੂੰ ਵੀ ਆਪਣਾ ਜਾਨਣ ਵਾਲੇ
ਉਸਦੀ ਪੀੜ ਦਾ ਅਹਿਸਾਸ, ਹੰਢਾਉਣ ਵਾਲੇ
ਜ਼ਿੰਦਗੀ ਵਾਸਤੇ ਜੀਊਣ ਵਾਲੇ
ਲਗਾਤਾਰ ਸੰਘਰਸ਼ ਕਰਨ ਵਾਲੇ
ਕਦੇ ਹਾਰਦੇ ਨਹੀਂ ਹੁੰਦੇ।
ਸਮੇਂ ਦੇ ਸ਼ਾਹ-ਅਸਵਾਰ
ਸਿਕੰਦਰ ਮਹਾਨ ਅੱਗੇ
ਪੋਰਸ ਬਣਕੇ ਖੜ੍ਹਨਾ
ਇਤਿਹਾਸ ਬਣ ਜਾਂਦਾ ਹੈ
ਅੱਗੇ ਆਉਣ ਵਾਲੀਆਂ
ਨਸਲਾਂ ਵਾਸਤੇ
ਮਾਣ-ਮੱਤਾ ਇਤਿਹਾਸ।
ਅਸੀਂ ਜਦੋਂ ਵੀ ਡਿੱਗੇ, ਉੱਠੇ ਹਾਂ
ਅਸੀਂ ਜੀਊਂਦੇ, ਅਸੀਂ ਜਾਗਦੇ
ਜਦੋਂ ਵੀ ਡਿੱਗੇ ਤਾਂ ਅਸੀਂ ਫੇਰ ਉੱਠਾਂਗੇ
ਅੱਗੇ ਵਧਾਂਗੇ, ਸਾਬਤ ਕਦਮੀਂ
ਇਹ ਕਈ ਵਾਰ ਹੋਇਆ ਹੈ
ਇਤਿਹਾਸ ਇਹ ਹੀ ਦੱਸਦਾ ਹੈ
ਇਹ ਫੇਰ ਹੋਵੇਗਾ,
ਤੂੰ ਵੀ ਦੇਖੇਂਗਾ
ਜ਼ਮਾਨਾ ਵੀ ਦੇਖੇਗਾ –
ਅਸੀਂ ਸਮੁੱਚੀ ਲੋਕਾਈ ਦਾ ਅੰਗ ਹਾਂ
ਹਾਰ ਸਾਡਾ ਨਸੀਬ ਹੋ ਹੀ ਨਹੀਂ ਸਕਦੀ।
ਕਿਉਂਕਿ —
ਅਸੀਂ ਹਾਰਿਆਂ ਵਿਚੋਂ ਨਹੀਂ।