(ਸਮਾਜ ਵੀਕਲੀ)
ਅਸੀਂ ਮਰਦੇ ਨਹੀਂ ਹੁੰਦੇ
ਸਾਨੂੰ ਮਾਰ ਦਿੱਤਾ ਜਾਂਦਾ ਹੈ
ਸਦੀਆਂ ਤੋਂ ਨਸਲਕੁਸ਼ੀ ਦੇ
ਸ਼ਿਕਾਰ ਹੋ ਰਹੇ ਹਾਂ ਅਸੀਂ,
ਸਾਡੇ ਦਾਦੇ ਨਾਨਿਆਂ
ਦੇ ਵੀ ਪਿਓ ਦਾਦੇ
ਅਸੀਂ ਸਭ ਗੁਲਾਮੀ ਭਰਿਆ
ਜੀਵਨ ਹੀ ਤਾਂ ਬਤੀਤ ਕਰ ਰਹੇ ਹਾਂ,
ਤੁਸਾਂ ਸਾਨੂੰ ਅਛੂਤ, ਕਮਜਾਤ
ਕਮੀਨ, ਵਿਹੜੇ ਵਾਲੇ ਤੇ
ਪਤਾ ਨਹੀਂ ਹੋਰ ਕਿਹੜੇ ਕਿਹੜੇ
ਨਾਮ ਦਿੱਤੇ ਹਨ,
ਤੇ ਜਗਾਹ ਦਿੱਤੀ ਹੈ ਸਾਨੂੰ
ਪਿੰਡ ਦੀਆਂ ਰੂੜ੍ਹੀਆਂ ਕੋਲ
ਰੂੜ੍ਹੀਆਂ ਦੇ ਭਾਗ ਤਾਂ ਜਾਗ ਗਏ
ਬਾਰਾਂ ਸਾਲਾਂ ਬਾਅਦ
ਪਰ ਅਸੀਂ ਤਾਂ ਖੋਰੇ ਕਿੰਨੇ ਹੀ
ਬਾਰਾਂ ਸਾਲ ਬੇ ਆਸ ਤੇ ਗੁਜ਼ਾਰ ਦਿੱਤੇ,
ਹਾਂ ਓਹੀ ਘਰ ਨੇ ਸਾਡੇ
ਜਿੱਥੇ ਨਾਲੀਆਂ ਦਾ ਕੱਦ
ਸਦੀਆਂ ਤੋਂ ਕੱਚੀਆਂ ਗਲੀਆਂ ਨਾਲੋਂ ਵੱਡਾ ਹੈ
ਹਾਂ ਤੁਹਾਨੂੰ ਦੂਰੋਂ ਹੀ ਪਹਿਚਾਨ ਆ ਜਾਵੇਗੀ
ਜਿਹਨਾਂ ਨੂੰ ਕਲੀ, ਰੰਗ-ਰੋਗਨ ਦੀ ਬਹੁਤੀ ਲੋੜ ਨਹੀਂ ਪੈਂਦੀ,
ਸਾਡੇ ਕੱਚਿਆਂ ਘਰਾਂ ਦੀਆਂ ਕੰਧਾਂ
ਅਤੇ ਸ਼ਰੀਰ ਦੀ ਸਾਹ ਨਲੀ
ਧੂੰਏਂ ਨਾਲ ਕਾਲ਼ੀਆਂ ਹੋਈਆਂ ਮਿਲਣਗੀਆਂ ਤੁਹਾਨੂੰ,
ਘਰ ਦਾ ਕੋਈ ਨਾ ਕੋਈ ਜੀਅ
ਤੁਹਾਨੂੰ ਇੱਕ ਟੁੱਟੇ ਜਿਹੇ ਮੰਜੇ ਤੇ
ਕੁੱਤਾ ਖੰਘ ਨਾਲ ਤੜਫਦਿਆਂ ਮਿਲ ਜਾਵੇਗਾ,
ਕੋਈ ਬਜ਼ੁਰਗ ਬੈਠਿਆ ਮਿਲ ਜਾਵੇਗਾ
ਜੇਠ-ਹਾੜ ਦੀ ਫੂਕ ਦੇਣ ਵਾਲੀ
ਗਰਮੀ ਵਿੱਚ ਕੰਬਲ ਲਈ ਧੁੱਪ ਸੇਕਦਾ,
ਸਦੀਆਂ ਤੋਂ ਤੁਹਾਡੇ ਵੱਲੋਂ ਹੋ ਰਹੇ
ਇਸ ਅਣਮਨੁੱਖੀ ਵਰਤਾਰੇ ਨੇ
ਮਾਨਸਿਕ ਰੋਗੀ ਜੋ ਬਣਾ ਕੇ ਰੱਖ ਦਿੱਤਾ ਹੈ
ਹਰ ਵਿਹੜੇ ਵਾਲਾ,
ਪਰ ਹੁਣ ਬਹੁਤ ਕੁਝ ਬਦਲ ਗਿਆ ਹੈ
ਸਰਕਾਰਾਂ ਭਾਵੇਂ ਅਜੇ ਵੀ ਤੁਹਾਡੀਆਂ ਹੀ ਨੇ
ਭਾਂਵੇ ਅੱਜ ਵੀ ਥਾਣਿਆਂ ਵਿੱਚ ਤੁਹਾਨੂੰ ਕੁਰਸੀਆਂ
ਤੇ ਸਾਨੂੰ ਗਾਲਾਂ ਹੀ ਮਿਲਦੀਆਂ ਨੇ
ਪਰ ਇੱਕ ਕਿਤਾਬ ਜੋ ਸਾਡੇ ਬਾਬੇ
ਅੰਬੇਡਕਰ ਨੇ ਲਿਖੀ ਹੈ
ਹੁਣ ਅਸੀਂ ਉਸ ਤੋਂ ਜਾਣੂ ਹੋ ਰਹੇ ਹਾਂ ਹੌਲੀ-ਹੌਲੀ!!!
ਚਰਨਜੀਤ ਸਿੰਘ ਰਾਜੌਰ