ਅਸੀਂ ਭਾਜਪਾ ਵਿਰੋਧੀ ਹਾਂ ਦੇਸ਼ ਵਿਰੋਧੀ ਨਹੀਂ: ਫਾਰੂਕ

ਸ੍ਰੀਨਗਰ/ਜੰਮੂ (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਹਾਲ ਹੀ ’ਚ ਕਾਇਮ ਕੀਤਾ ਗਿਆ ‘ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ’ (ਪੀਏਜੀਡੀ) ਇੱਕ ਭਾਜਪਾ ਵਿਰੋਧੀ ਮੰਚ ਹੈ ਨਾ ਕਿ ਦੇਸ਼ ਵਿਰੋਧੀ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੀਏਜੀਡੀ ਇੱਕ ਦੇਸ਼ ਵਿਰੋਧੀ ਮੰਚ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸੱਚ ਨਹੀਂ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਜਪਾ ਵਿਰੋਧੀ ਹੈ ਪਰ ਇਹ ਦੇਸ਼ ਵਿਰੋਧੀ ਨਹੀਂ ਹੈ।’

ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਸੰਘਰਸ਼ ਵਾਸਤੇ ਪੀਏਜੀਡੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲ੍ਹਾ ਨੂੰ ਪੀੲੇਜੀਡੀ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਧਾਰਾ 370 ਰੱਦ ਕਰਕੇ ਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਕੇ ਸੰਘੀ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਹੋਣ।

ਊਧਰ ਜੰਮੂ ਕਸ਼ਮੀਰ ਭਾਜਪਾ ਨੇ ਮੰਗ ਕੀਤੀ ਹੈ ਕਿ ਕੌਮੀ ਝੰਡੇ ਬਾਰੇ ਟਿੱਪਣੀ ਕਰਨ ਦੇ ਦੋਸ਼ ਹੇਠ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮਹਿਬੂਬਾ ਮੁਫ਼ਤੀ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਤਿਰੰਗਾ ਝੰਡਾ ਤਾਂ ਹੀ ਲਹਿਰਾਏਗੀ ਜੇਕਰ ਜੰਮੂ ਕਸ਼ਮੀਰ ਦਾ ਪਹਿਲਾਂ ਵਾਲਾ ਝੰਡਾ ਬਹਾਲ ਕੀਤਾ ਜਾਵੇਗਾ। ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਕਿਹਾ, ‘ਮੈਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਮਹਿਬੂਬਾ ਮੁਫ਼ਤੀ ਵੱਲੋਂ ਕੀਤੀ ਗਈ ਟਿੱਪਣੀ ਦਾ ਨੋਟਿਸ ਲੈਣ ਦੀ ਮੰਗ ਕਰਦਾ ਹਾਂ।’ ਉੱਧਰ ਸ਼ਿਵ ਸੈਨਾ ਡੋਗਰਾ ਫਰੰਟ (ਐੱਸਐੱਸਡੀਐੱਫ) ਨੇ ਵੀ ਅੱਜ ਇੱਥੇ ਮਹਿਬੂਬਾ ਮੁਫ਼ਤੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।

Previous articleਰਾਜਨਾਥ ਨੇ ਚੀਨ ਨਾਲ ਲੱਗਦੇ ਅਹਿਮ ਫ਼ੌਜੀ ਟਿਕਾਣੇ ’ਤੇ ਹਥਿਆਰ ਪੂਜੇ
Next articleਬੁੱਧ ਧੰਮ ਦੀਖਸ਼ਾ ਦਿਵਸ ਤੇ ਅਸ਼ੋਕ ਵਿਜੇੈ ਦਸ਼ਮੀ ਧੂਮ-ਧਾਮ ਨਾਲ ਮਨਾਈ – ਸਾਂਪਲਾ