ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਚੀਨ ਅਤੇ ਪਾਕਿਸਤਾਨ ਵੱਲੋਂ ਦਰਪੇਸ਼ ਕੌਮੀ ਸੁਰੱਖਿਆ ਚੁਣੌਤੀਆਂ ਬਾਰੇ ਅੱਜ ਕਿਹਾ ਕਿ ਭਾਰਤ ਭਵਿੱਖ ਦੇ ਸੰਘਰਸ਼ਾਂ ਦੀਆਂ ਕੁਝ ਝਲਕਾਂ ਦੇਖ ਰਿਹਾ ਹੈ ਅਤੇ ਉਸ ਦੇ ਵਿਰੋਧੀ ਆਪਣੇ ਰਣਨੀਤਕ ਟੀਚਿਆਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਣਗੇ। ਜਨਰਲ ਨਰਵਾਣੇ ਨੇ ਇਕ ਆਨਲਾਈਨ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵੱਖਰੀ ਤਰ੍ਹਾਂ ਦੀਆਂ, ਮੁਸ਼ਕਿਲ ਅਤੇ ਬਹੁ-ਪੱਧਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉੱਤਰੀ ਸਰਹੱਦ ’ਤੇ ਘਟਨਾਕ੍ਰਮ ਨੇ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਬਲਾਂ ਦੀ ਲੋੜ ਨੂੰ ਦਰਸਾਇਆ ਹੈ। ਉਨ੍ਹਾਂ ਦੇਸ਼ ਦੀ ਪ੍ਰਭੁਸੱਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਰੱਖਣ ਵਿਚ ਸੈਨਾ ਦੀ ਮਦਦ ਲਈ ਆਧੁਨਿਕ ਤਕਨਾਲੋਜੀ ਦੇ ਇਸਤੇਮਾਲ ’ਤੇ ਵੀ ਜ਼ੋਰ ਦਿੱਤਾ।
ਚੀਨ ਅਤੇ ਪਾਕਿਸਤਾਨ ਦਾ ਨਾਮ ਲਏ ਬਿਨਾ ਥਲ ਸੈਨਾ ਮੁਖੀ ਨੇ ਕਿਹਾ ਕਿ ਪਰਮਾਣੂ ਸਮਰੱਥਾ ਨਾਲ ਲੈਸ ਗੁਆਂਢੀਆਂ ਨਾਲ ਸਰਹੱਦ ਵਿਵਾਦ ਤੇ ਸਰਕਾਰਾਂ ਦੁਆਰਾ ਸਪਾਂਸਰਡ ਸੀਤ ਯੁੱਧ ਨੇ ਸੁਰੱਖਿਆ ਤੰਤਰ ਅਤੇ ਸਰੋਤਾਂ ਅੱਗੇ ਚੁਣੌਤੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਫ਼ੌਜ ਆਪਣੇ ਬਲਾਂ ਦੇ ‘‘ਪੁਨਰਗਠਨ, ਪੁਨਰਸੰਤੁਲਨ ਅਤੇ ਇਨ੍ਹਾਂ ਨੂੰ ਮੁੜ ਦਿਸ਼ਾ ਦੇਣ’’ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਅਤੇ ਸੈਨਾ ਤਿੰਨੋਂ ਸੇਵਾਵਾਂ ਦਾ ਏਕੀਕਰਨ ਯਕੀਨੀ ਬਣਾਉਣ ਲਈ ‘ਥੀਏਟਰ ਕਮਾਨ’ (ਸੈਨਾ ਦੇ ਤਿੰਨੋਂ ਹਿੱਸਿਆਂ ਨੂੰ ਮਿਲਾ ਕੇ ਕੰਮ ਕਰਨ) ਨੂੰ ਪਹਿਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਅਸੀਂ ਅਜੇ ਭਵਿੱਖ ਦੇ ਸੰਘਰਸ਼ ਦੀਆਂ ਝਲਕਾਂ ਦੇਖ ਰਹੇ ਹਾਂ। ਸੂਚਨਾ ਦੇ ਖੇਤਰ, ਨੈੱਟਵਰਕ ਅਤੇ ਸਾਈਬਰ ਸਪੇਸ ਵਿਚ ਵੀ ਸਾਨੂੰ ਇਸ ਦੇ ਸਬੂਤ ਦਿਖ ਰਹੇ ਹਨ। ਵਿਵਾਦਤ ਸਰਹੱਦਾਂ ’ਤੇ ਵੀ ਇਹ ਸਭ ਦਿਖ ਰਿਹਾ ਹੈ।’’
ਥਲ ਸੈਨਾ ਮੁਖੀ ਨੇ ਕਿਹਾ, ‘‘ਇਨ੍ਹਾਂ ਝਲਕਾਂ ਦੇ ਆਧਾਰ ’ਤੇ ਸਾਨੂੰ ਭਵਿੱਖ ਲਈ ਤਿਆਰ ਹੋਣਾ ਹੋਵੇਗਾ। ਜੇਕਰ ਤੁਸੀਂ ਆਸਪਾਸ ਦੇਖੋਗੇ ਤਾਂ ਤੁਹਾਨੂੰ ਅੱਜ ਦੀ ਅਸਲੀਅਤ ਦਾ ਅਹਿਸਾਸ ਹੋਵੇਗਾ।’’ ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਵਿਚ ਹਵਾਈ ਸੈਨਾ ਮੁਖੀ ਵੀ.ਆਰ. ਚੌਧਰੀ, ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਕਈ ਦੇਸ਼ਾਂ ਦੇ ਰੱਖਿਆ ਨੁਮਾਇੰਦਿਆਂ ਨੇ ਭਾਗ ਲਿਆ। ਜਨਰਲ ਨਰਵਾਣੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਨੇ ਮੁੜ ਤੋਂ ਪ੍ਰੌਕਸੀ ਅਤੇ ਗੈਰ ਸਰਕਾਰੀ ਤੱਤਾਂ ਦੇ ਇਸਤੇਮਾਲ ’ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡੇ ਵਿਰੋਧੀ ਆਪਣੇ ਰਣਨੀਤਕ ਟੀਚਿਆਂ ਨੂੰ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਗੇ।’’ ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਸ਼ਵ ਪੱਧਰ ’ਤੇ ਮਨਜ਼ੂਰਸ਼ੁਦਾ ਮਾਪਦੰਡਾਂ ਅਤੇ ਨੇਮਾਂ ’ਤੇ ਆਧਾਰਤ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ। ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ ’ਤੇ ਗੋਲੀਬੰਦੀ ਨੂੰ ਲੈ ਕੇ ਥਲ ਸੈਨਾ ਮੁਖੀ ਨੇ ਕਿਹਾ ਕਿ ਇਹ ਜਾਰੀ ਹੈ ‘‘ਕਿਉਂਕਿ ਅਸੀਂ ਮਜ਼ਬੂਤ ਸਥਿਤੀ ਨਾਲ ਗੱਲਬਾਤ ਕੀਤੀ ਹੈ।’’
ਜਨਰਲ ਨਰਵਾਣੇ ਨੇ ਇਹ ਵੀ ਕਿਹਾ ਕਿ ‘ਥੀਏਟਰ ਕਮਾਨ’ ਰਾਹੀਂ ਸੈਨਾ ਦੀਆਂ ਤਿੰਨੋਂ ਸੇਵਾਵਾਂ ਦੇ ਏਕੀਕਰਨ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਇਕ ਸਮਾਂਬੱਧ ਯੋਜਨਾ ਤਹਿਤ ਅੱਗੇ ਵਧ ਰਹੀ ਹੈ ਅਤੇ ਭਾਰਤੀ ਸੈਨਾ ਇਸ ਬਦਲਾਅ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਬਦਲਾਵਾਂ ਲਈ ਆਪਣੇ ਅਪ੍ਰੇਸ਼ਨਲ ਤਜਰਬਿਆਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਅਤੇ ਇਹ ਕੰਮ ਜਾਰੀ ਰਹੇਗਾ।’’ ਆਧੁਨਿਕ ਤਕਨੀਕ ਦੀ ਅਹਿਮੀਅਤ ਬਾਰੇ ਥਲ ਸੈਨਾ ਮੁਖੀ ਨੇ ਪਿਛਲੇ ਸਾਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ਦਾ ਹਵਾਲਾ ਦਿੱਤਾ ਕਿ ਇਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸ਼ਕਤੀ ਨੂੰ ਸਖ਼ਤ ਲੋੜ ਦਰਸਾਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly