ਨਵੀਂ ਦਿੱਲੀ (ਸਮਾਜਵੀਕਲੀ) : ਭਾਰਤੀ ਇਲਾਕੇ ਲਿਪੂਲੇਖ ਤੇ ਕਾਲਾਪਾਣੀ ’ਤੇ ਦਾਅਵਾ ਜਤਾਉਣ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸੋਮਵਾਰ ਨੂੰ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਅਯੁੱਧਿਆ ਨੇਪਾਲ ਵਿੱਚ ਹੈ। ਉਨ੍ਹਾਂ ਭਾਰਤ ’ਤੇ ਨਕਲੀ ਅਯੁੱਧਿਆ ਦੁਨੀਆ ਸਾਹਮਣੇ ਰੱਖ ਕੇ ਸਭਿਆਚਾਰਕ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਾਇਆ।
ਉਹ ਇਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇਪਾਲੀ ਹਨ ਨਾ ਕਿ ਭਾਰਤੀ। ਉਨ੍ਹਾਂ ਆਪਣੇ ਨਿਵਾਸ ’ਤੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਭਗਵਾਨ ਸ੍ਰੀਰਾਮ ਦਾ ਨਗਰ ਅਯੁੱਧਿਆ, ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਨਹੀਂ ਸਗੋਂ ਨੇਪਾਲ ਦੇ ਬਾਲਮੀਕੀ ਆਸ਼ਰਮ ਨੇੜੇ ਹੈ। ਉਨ੍ਹਾਂ ਕਿਹਾ ਕਿ ਨੇਪਾਲ ਦੀ ਵਿਗਿਆਨ ਨੂੰ ਦੇਣ ਨੂੰ ਘੱਟ ਸਮਝਿਆ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਦੀ ਨੇਪਾਲੀ ਮੀਡੀਆ ਸੂਤਰਾਂ ਦੇ ਅਧਾਰ ’ਤੇ ਦਿੱਤੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਓਲੀ ਨੇ ਕਿਹਾ, ‘‘ ਅਸਲ ਅਯੁੱਧਿਆ ਨੇਪਾਲ ਵਿੱਚ ਹੈ, ਨਾ ਕਿ ਭਾਰਤ ਵਿੱਚ। ਭਗਵਾਨ ਸ੍ਰੀਰਾਮ ਭਾਰਤੀ ਨਹੀਂ, ਨੇਪਾਲੀ ਹਨ।’’ ਨੇਪਾਲ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਅਾਈ ਹੈ ਜਦੋਂ ਦੋਵਾਂ ਮੁਲਕਾਂ ਵਿਚਾਲੇ ਸੋਧੇ ਹੋਏ ਨਕਸ਼ੇ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ।