ਜਗਰਾਉਂ (ਸਮਾਜਵੀਕਲੀ) – ਪਿੰਡ ਚੌਂਕੀਮਾਨ ’ਚ ਪਰਿਵਾਰ ਸਮੇਤ ਰਹਿ ਰਹੇ ਕਰੋਨਾਵਾਇਰਸ ਤੋਂ ਪੀੜਤ ਗੁੱਜਰ ਪਰਿਵਾਰ ਦੇ ਮੁਖੀ ਅਲੀ ਹੁਸੈਨ ਤੋਂ ਬਾਅਦ ਗੁੱਜਰ ਪਰਿਵਾਰਾਂ ਨੂੰ ਲੈ ਕੇ ਪੁਲੀਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਸਖ਼ਤ ਰੁਖ਼ ਅਪਣਾ ਲਿਆ ਹੈ। ਪੁਲੀਸ ਚੌਂਕੀਮਾਨ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁੱਜਰ ਪਰਿਵਾਰਾਂ ਵੱਲੋਂ ਸੱਚੀ ਜਾਣਕਾਰੀ ਨਾ ਦੇਣ ਕਾਰਨ ਅਲੀ ਹੁਸੈਨ ਦੇ ਕਰੋਨਾ ਟੈਸਟ ਕਰਾਉਣ ’ਚ ਦੇਰੀ ਹੋਈ।
ਸਿਹਤ ਅਤੇ ਪੁਲੀਸ ਵਿਭਾਗ ਅਨੁਸਾਰ ਅਲੀ ਹੁਸੈਨ ਦੇ ਕਰੀਬ 24 ਰਿਸ਼ਤੇਦਾਰਾਂ ਦੀ ਜਾਂਚ ਕੀਤੀ ਜਾਵੇਗੀ ਤੇ ਫਿਲਹਾਲ ਤਿੰਨਾਂ ਨੂੰ ਐਂਬੂਲੈਂਸ ਰਾਹੀਂ ਲੁਧਿਆਣੇ ਭੇਜ ਦਿੱਤਾ ਗਿਆ ਹੈ। ਪੁਲੀਸ ਦੀ ਹਾਜ਼ਰੀ ’ਚ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਅਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਅਲੀ ਹੁਸੈਨ ਦੇ ਭਤੀਜੇ ਅਸ਼ਕ ਅਲੀ, ਪਿੰਡ ਕੁਲਾਰ ਡੇਰੇ ਦੇ ਰਹਿਮਤ ਅਲੀ ਅਤੇ ਰਫੀਕ ਮੁਹੰਮਦ ਪਿੰਡ ਗੁੱੜ੍ਹੇ ਨੂੰ ਅਲੀ ਹੁਸੈਨ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਸਿਹਤ ਕਰਮੀਆਂ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਿੰਨੀ ਦੇਰ ਤੱਕ ਰਿਪੋਰਟ ਆ ਨਹੀਂ ਜਾਂਦੀ, ਡੇਰਿਆਂ ’ਚ ਹੀ ਇਕਾਂਤਵਾਸ ਰਹਿਣ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਅਸ਼ਕ ਅਲੀ, ਰਫੀਕ ਅਤੇ ਰਹਿਮਤ ਨੇ ਵੀ ਦਿੱਲੀ ਧਾਰਮਿਕ ਸਮਾਗਮ ’ਚ ਹਾਜ਼ਰੀ ਭਰੀ ਸੀ।