ਅਰਮੀਨੀਆ ਅਤੇ ਅਜ਼ਰਬਾਇਜਾਨ ਵੱਲੋਂ ਇਕ-ਦੂਜੇ ’ਤੇ ਗੋਲੀਬੰਦੀ ਤੋੜਨ ਦੇ ਦੋਸ਼

ਯੇਰੇਵਾਨ (ਅਰਮੀਨੀਆ) (ਸਮਾਜ ਵੀਕਲੀ) : ਅਰਮੀਨੀਆ ਅਤੇ ਅਜ਼ਰਬਾਇਜਾਨ ਨੇ ਅਸ਼ਾਂਤ ਖਿੱਤੇ ਨਾਗੋਰਨੋ-ਕਾਰਾਬਾਖ਼ ’ਚ ਹੋਏ ਹਮਲਿਆਂ ਲਈ ਇਕ-ਦੂਜੇ ’ਤੇ ਗੋਲੀਬੰਦੀ ਦੇ ਸਮਝੌਤੇ ਨੂੰ ਤੋੜਨ ਦੇ ਦੋਸ਼ ਲਾਏ ਹਨ। ਰੂਸ ਨੇ ਪਹਿਲ ਕਰਦਿਆਂ ਦੋਵੇਂ ਮੁਲਕਾਂ ’ਚ ਚੱਲ ਰਹੀ ਜੰਗ ਨੂੰ ਖ਼ਤਮ ਕਰਾਊਣ ਦੇ ਇਰਾਦੇ ਨਾਲ ਗੋਲੀਬੰਦੀ ਦੇ ਸਮਝੌਤੇ ਲਈ ਵਿਚੋਲਗੀ ਕੀਤੀ ਸੀ। ਗੋਲੀਬੰਦੀ ਸ਼ਨਿਚਰਵਾਰ ਤੋਂ ਲਾਗੂ ਹੋ ਗਈ ਸੀ ਪਰ ਦੋਵੇਂ ਮੁਲਕਾਂ ਨੇ ਇਕ-ਦੂਜੇ ’ਤੇ ਇਸ ਨੂੰ ਤੋੜਨ ਦੇ ਦੋਸ਼ ਲਾਏ ਹਨ।

ਅਰਮੀਨੀਆ ਦੇ ਰੱਖਿਆ ਮੰਤਰਾਲੇ ਦੀ ਤਰਜਮਾਨ ਸ਼ੂਸ਼ਾਨ ਸਟੀਪਨੀਅਨ ਨੇ ਕਿਹਾ ਕਿ ਅਜ਼ਰਬਾਇਜਾਨੀ ਫ਼ੌਜ ਵੱਲੋਂ ਵਿਵਾਦਤ ਜ਼ੋਨ ਦੇ ਦੱਖਣੀ ਮੁਹਾਜ਼ ’ਤੇ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ। ਊਧਰ ਅਜ਼ਰਬਾਇਜਾਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਅਰਮੀਨੀਆ ਫ਼ੌਜ ਵੱਲੋਂ ਗੋਰਾਨਬੁਆਏ, ਟਰਟਰ ਅਤੇ ਅਗਦਾਨ ਖ਼ਿੱਤਿਆਂ ’ਚ ਗੋਲਾਬਾਰੀ ਕੀਤੀ ਗਈ ਹੈ। ਇਹ ਇਲਾਕੇ ਨਾਗੋਰਨੋ-ਕਾਰਾਬਾਖ਼ ਨੇੜੇ ਪੈਂਦੇ ਹਨ। ਦੋਵੇਂ ਮੁਲਕਾਂ ਵਿਚਕਾਰ 27 ਸਤੰਬਰ ਤੋਂ ਜੰਗ ਸ਼ੁਰੂ ਹੋਈ ਹੈ ਜਿਸ ’ਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਾਗੋਰਨੋ-ਕਾਰਾਬਾਖ਼ ਖੇਤਰ ਅਜ਼ਰਬਾਇਜਾਨ ’ਚ ਪੈਂਦਾ ਹੈ ਪਰ ਆਰਮੀਨੀਆ ਦੇ ਥਾਪੜੇ ਵਾਲੀਆਂ ਸਥਾਨਕ ਤਾਕਤਾਂ ਦੇ ਕਬਜ਼ੇ ’ਚ ਹੈ।

Previous articleGlobal Covid-19 cases top 37.7mn: Johns Hopkins
Next articleਬਾਇਡਨ ਮਿਸ਼ੀਗਨ ਅਤੇ ਨੇਵਾਦਾ ’ਚ ਟਰੰਪ ਤੋਂ ਅੱਗੇ