ਅਯੁੱਧਿਆ ਫ਼ੈਸਲੇ ਦੇ ਮੱਦੇਨਜ਼ਰ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਤੇ ਭਾਜਪਾ ਨੇ ਮੁਸਲਿਮ ਭਾਈਚਾਰੇ ਦੇ ਮੌਲਾਨਾ, ਅਕਾਦਮਿਕ ਤੇ ਹੋਰ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਫ਼ਿਰਕੂ ਭਾਈਚਾਰਾ ਤੇ ਏਕਾ ਬਣਾ ਕੇ ਰੱਖਣ ’ਤੇ ਜ਼ੋਰ ਦਿੱਤਾ ਗਿਆ। ਇਹ ਮੀਟਿੰਗ ਘੱਟ ਗਿਣਤੀਆਂ ਬਾਰੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਦੀ ਰਿਹਾਇਸ਼ ’ਤੇ ਹੋਈ। ਇਸ ਮੌਕੇ ਆਰਐੱਸਐੱਸ ਆਗੂ ਕ੍ਰਿਸ਼ਨ ਗੋਪਾਲ ਤੇ ਰਾਮਲਾਲ, ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਤੇ ਮੁਸਲਿਮ ਭਾਈਚਾਰੇ ਦੇ ਹੋਰ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਹਾਜ਼ਰ ਸਾਰਿਆਂ ਨੇ ਸਮਾਜਿਕ-ਫਿਰਕੂ ਭਾਈਚਾਰੇ ਨੂੰ ਮਜ਼ਬੂਤ ਕਰਨ ਤੇ ਇਸ ਦੀ ਰੱਖਿਆ ਕਰਨ ਬਾਰੇ ਵਚਨਬੱਧਤਾ ਪ੍ਰਗਟ ਕੀਤੀ। ਮੀਟਿੰਗ ’ਚ ਹਿੱਸਾ ਲੈਣ ਵਾਲਿਆਂ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਤਾਂ ਕਿ ਗੜਬੜੀ ਪੈਦਾ ਕਰਨ ਦੀ ਕਿਸੇ ਸਾਜ਼ਿਸ਼ ਨੂੰ ਮੌਕਾ ਨਾ ਮਿਲ ਸਕੇ। ਨਕਵੀ ਨੇ ਕਿਹਾ ਕਿ ਏਕਾ ਬਣਾਏ ਰੱਖਣਾ ਸਾਂਝੀ ਜ਼ਿੰਮੇਵਾਰੀ ਹੈ। ਉੱਤਰ ਪ੍ਰਦੇਸ਼ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਆਰਐੱਸਐੱਸ ਨੇ ਵੀ ਆਪਣੇ ਆਗੂਆਂ ਨੂੰ ਇਸ ਮੁੱਦੇ ’ਤੇ ਟਿੱਪਣੀਆਂ ਤੋਂ ਬਚਣ ਲਈ ਕਿਹਾ ਹੈ। ਫ਼ੈਸਲੇ ਮਗਰੋਂ ਸ਼ਾਂਤੀ ਤੇ ਫ਼ਿਰਕੂ ਭਾਈਚਾਰਾ ਬਣਾਈ ਰੱਖਣ ਲਈ ਆਰਐੱਸਐੱਸ ਨੇ ਆਪਣੇ ਸੰਗਠਨ ਮੁਸਲਿਮ ਰਾਸ਼ਟਰੀਯ ਮੰਚ ਦੇ ਕਾਰਕੁਨਾਂ ਨੂੰ ਤਾਇਨਾਤ ਕੀਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਸਾਧੂਆਂ ਤੇ ਸੰਤ ਭਾਈਚਾਰੇ ਦੇ ਲਗਾਤਾਰ ਸੰਪਰਕ ਵਿਚ ਹੈ। ਭਾਜਪਾ ਨੇ ਵੀ ਆਪਣੇ ਬੁਲਾਰਿਆਂ ਨੂੰ ਫ਼ਿਰਕੂ ਟਵੀਟ ਨਾ ਕਰਨ, ਕਿਸੇ ਝਾਂਸੇ ’ਚ ਨਾ ਆਉਣ ਲਈ ਕਿਹਾ ਹੈ।
HOME ਅਯੁੱਧਿਆ: ਆਰਐੱਸਐੱਸ ਤੇ ਭਾਜਪਾ ਵੱਲੋਂ ਮੁਸਲਿਮ ਸ਼ਖ਼ਸੀਅਤਾਂ ਨਾਲ ਮੀਟਿੰਗ