(ਸਮਾਜ ਵੀਕਲੀ)
ਕੁਦਰਤ ਦੀ ਬਣਾਈ ਹਰ ਚੀਜ਼ ਦੀ ਆਪਣੀ ਖੁਸ਼ਬੂ ਹੁੰਦੀ ਹੈ। ਚਾਹੇ ਫੇਰ ਓਹ ਫੁੱਲ ਹੋਣ ਜਾਂ ਪੱਤੇ। ਇਹ ਖੁਸ਼ਬੂ ਭਾਵਨਾਵਾਂ ਨੂੰ ਖਿੱਚ ਪਾਉਂਦੀ …ਅਜਿਹੀ ਖਿੱਚ ਜੋ ਰੂਹ ਨੂੰ ਤ੍ਰਿਪਤ ਕਰ ਦਿੰਦੀ ਤੇ ਕਈ ਵਾਰ ਇਹੋ ਖੁਸ਼ਬੂ ਦਿਲ ਦੇ ਅੰਦਰ ਇਸ ਤਰ੍ਹਾਂ ਸਮਾ ਜਾਂਦੀ ਹੈ..ਕਿ ਕਦੇ ਵੀ ਇਸਦਾ ਅਸਰ ਖਤਮ ਨਹੀਂ ਹੁੰਦੈ……ਸਗੋਂ ਸਮੇਂ ਦੀਆਂ ਪਰਤਾਂ ਹੇਠ ਹੋਰ ਵੱਧਦਾ ਹੀ ਰਹਿੰਦਾ ਹੈ। ਮੈਂ ਇੱਕ ਅਧਿਆਪਕਾ ਹਾਂ।
ਮੈਨੂੰ ਬੜਾ ਮਾਣ ਮਹਿਸੂਸ ਹੁੰਦਾ … ਜਦੋਂ ਮੈਂ ਪਿੰਡ ਦੀਆਂ ਗਲੀਆਂ ਚੋੰ ਲੰਘਦੀ ਆਪਣੇ ਸਕੂਲ ਪਹੁੰਚਦੀ । ਰਾਹ ਵਿੱਚ ਮਿਲਣ ਵਾਲੇ ਲੋਕ ਜਦੋਂ ਸਿਰ ਝੁਕਾ ਕੇ ਬੜੇ ਆਦਰ ਮਾਣ ਨਾਲ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਤੇ ਮੈਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਆਪਣੇ ਪ੍ਰਤੀ ਸਤਿਕਾਰ ਦੇ ਭਾਵਾਂ ਨੂੰ ਵੇਖਦੀ ਤਾਂ ਉਨ੍ਹਾਂ ਨੂੰ ਆਪਣੇ ਮਨ ਦੀ ਤਹਿ ਅੰਦਰ ਕਿਧਰੇ ਇੰਝ ਸਾਂਭਦੀ ਜਿਵੇਂ ਮੇਰੀ ਮਾਂ ਆਪਣੇ ਵਿਆਹ ਦੀਆਂ ਹੱਥੀਂ ਕੱਢੀਆਂ ਚਾਦਰਾਂ ਅਜੇ ਵੀ ਸਾਂਭੀ ਬੈਠੀ ਹੈ।
ਗੱਲ ਉਨ੍ਹਾਂ ਦਿਨਾਂ ਦੀ ਹੈ… ਜਦੋਂ ਅਸੀਂ ਸਕੂਲ ਦੇ ਅਧਿਆਪਕਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਸਕੂਲ ਦੇ ਸੁਧਾਰ ਦਾ ਬੀੜਾ ਚੁੱਕਿਆ। ਮੈਂ ਰੋਜ਼ਾਨਾ ਛੁੱਟੀ ਤੋਂ ਬਾਅਦ ਦੋ ਘੰਟੇ ਪਿੰਡ ਦੀ ਸਰਪੰਚ ਸਰਦਾਰ ਕੌਰ ਨਾਲ ਜਾ ਕੇ ਫ਼ੰਡ ਇਕੱਠਾ ਕਰਦੀ ।ਸਰਪੰਚ ਮੈਨੂੰ ਪਿੰਡ ਦੇ ਉਨ੍ਹਾਂ ਘਰ ਵਿੱਚ ਲੈ ਜਾਂਦੀ … ਜਿਹੜੇ ਰੱਬ ਦੀ ਦਿਆ ਨਾਲ ਰੱਜੇ ਪੁੱਜੇ ਘਰ ਮੰਨੇ ਜਾਂਦੇ ਸਨ। ਜਿਹੜੇ ਘਰਾਂ ਦਾ ਗੁਜ਼ਾਰਾ ਮਸਾਂ ਹੀ ਤੁਰਦਾ ਅਸੀਂ ਉਨ੍ਹਾਂ ਘਰਾਂ ਤੋਂ ਥੋੜ੍ਹੀ ਵਿੱਥ ਬਣਾ ਲੈਂਦੇ ਸਾਂ ਤਾਂ ਕਿ ਉਨ੍ਹਾਂ ਨੂੰ ਆਪਣੀ ਆਰਥਿਕ ਮਜਬੂਰੀ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਣਾ ਪਵੇ ।
ਇੱਕ ਦਿਨ ਜਦੋਂ ਮੈਂ ਸਰਪੰਚ ਨਾਲ ਪਿੰਡ ਵਿਚ ਹੀ ਕਿਸੇ ਦੇ ਘਰ ਜਾ ਰਹੀ ਸਾਂ …ਤਾਂ ਇੱਕ ਔਰਤ ਜਿਸ ਦੇ ਪਤੀ ਦੀ ਭਰ ਜਵਾਨੀ ਵਿੱਚ ਮੌਤ ਹੋ ਚੁੱਕੀ ਸੀ ਨੇ ਮੈਨੂੰ ਆਵਾਜ਼ ਮਾਰੀ,” ਮੈਡਮ ਜੀ ” ਮੈਂ ਰੁਕ ਗਈ …..”ਮੈਡਮ ਜੀ ,ਮੈਂ ਸੁਣਿਆ ਤੁਸੀਂ ਸਕੂਲ ਲਈ ਪੈਸੇ ਇਕੱਠੇ ਕਰ ਰਹੇ ਹੋ… ਤੁਸੀਂ ਮੇਰਾ ਘਰ ਕਿਉਂ ਛੱਡਤਾ?”
ਜਦੋਂ ਉਸ ਨੇ ਇਹੀ ਗੱਲ ਆਖੀ ਮੈਨੂੰ ਕੋਈ ਜਵਾਬ ਨਾ ਬੋਹੜਿਆ। ਮੈਂ ਚੁੱਪ ਚਾਪ ਉਹਦੇ ਵੱਲ ਵੇਖਣ ਲੱਗੀ …ਜੋ ਬੜੇ ਗਹੁ ਨਾਲ ਮੈਨੂੰ ਘੂਰ ਰਹੀ ਸੀ ..ਅਗਲੇ ਹੀ ਪਲ ਮੈਂ ਇੱਕ ਦੋਸ਼ੀ ਵਾਰ ਉਸਤੋਂ ਨਜ਼ਰਾਂ ਚੁਰਾ ਰਹੀ ਸੀ।
ਫਿਰ ਉਸਨੇ ਗੱਲ ਅੱਗੇ ਤੋਰਦਿਆਂ ਕਿਹਾ,” ਮੈਡਮ ਜੀ, ਮੈਂ ਤਾਂ ਕੱਲ੍ਹ ਵੀ ਤੁਹਾਨੂੰ ਉਡੀਕਦੀ ਰਹੀ ।”
ਉਸ ਦੇ ਸਵਾਲਾਂ ਦਾ ਮੇਰੇ ਮੂੰਹੋਂ ਕੋਈ ਜਵਾਬ ਨਹੀਂ ਸੀ ਨਿਕਲ ਰਿਹਾ ਜਾਂ ਇੰਝ ਕਹਿ ਲਓ ਮੇਰਾ ਦਿਮਾਗ ਤੇ ਮੇਰੀ ਜੁਬਾਨ ਮੇਰਾ ਸਾਥ ਨਹੀਂ ਸਨ ਦੇ ਰਹੇ।
ਮੈਨੂੰ ਕੁਝ ਸੁੱਝ ਹੀ ਨਹੀਂ ਸੀ ਰਿਹਾ… ਕਿ ਕੀ ਕਹਾਂ?
… ਮੇਰੀ ਚੁੱਪੀ ਨੂੰ ਤੋੜਦਿਆਂ ਸਰਪੰਚ ਨੇ ਕਿਹਾ ,”ਅਜੇ ਤਾਂ ਕਈ ਘਰ ਰਹਿੰਦੇੈ… ਤੁਹਾਡੇ ਵੀ ਅੱਜ ਮਾਰਨਾ ਸੀ ਗੇੜਾ ।”
ਭਾਵੇਂ ਉਸ ਦਾ ਕੋਈ ਵੀ ਜੁਵਾਕ ਸਾਡੇ ਸਕੂਲ ਨਹੀਂ ਸੀ ਪੜ੍ਹਦਾ… ਪਰ ਫਿਰ ਵੀ ਉਸ ਦੀ ਖੁਲ੍ਹਦਿਲੀ ਵੇਖ ਕੇ ਮੈਨੂੰ ਬੜੀ ਤਸੱਲੀ ਹੋਈ ।ਉਹ ਨਰੇਗਾ ਵਿੱਚ ਦਿਹਾੜੀ ਦੱਪਾ ਕਰ ਆਪਣਾ ਘਰ ਤੋਰਦੀ ਹੈ। ਉਸਨੇ ਆਪਣੀ ਫਟੀ ਘਸਮੈਲੀ ਚੁੰਨੀ ਦੇ ਲੜ ਨਾਲੋਂ ਪੰਜਾਹ ਰੁਪਏ ਕੱਢ ਕੇ ਮੈਨੂੰ ਫੜਾ ਦਿੱਤੇ ਤੇ ਕਹਿਣ ਲੱਗੀ,” ਮੈਡਮ ਜੀ ,ਅਜੇ ਮੈਨੂੰ ਹੋਰ ਕਿਧਰੇ ਤੋਂ ਮੇਰੀ ਦਿਹਾੜੀਆਂ ਦੇ ਪੈਸੇ ਨਹੀਂ ਮਿਲੇ ….ਤੁਸੀਂ ਆਹ ਰੱਖ ਲਓ।”
ਉਹ ਨੋਟ ਜਦੋਂ ਮੈਂ ਫੜਿਆ ਤਾਂ ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਸ਼ਾਹੂਕਾਰ ਨੇ ਆਪਣੀ ਪੂਰੀ ਤਿਜ਼ੋਰੀ ਦਾ ਖਜ਼ਾਨਾ ਮੇਰੀ ਤਲੀ ਤੇ ਧਰ ਦਿੱਤਾ ਹੋਵੇ। ਮੇਰੀਆਂ ਅੱਖਾਂ ਦੇ ਕੋਇਆਂ ਵਿਚ ਪਾਣੀ ਸਿੰਮ ਆਇਆ। ਮੈਂ ਉਸਦੇ ਪੰਜਾਹ ਰੁਪਏ ਦੇ ਨੋਟ ਦੀ ਛਾਪ ਸਦਾ ਲਈ ਆਪਣੇ ਦਿਲ ਦੇ ਪਰਸ ਵਿੱਚ ਸਾਂਭ ਕੇ ਰੱਖ ਲਈ ।
ਮਨਦੀਪ ਰਿੰਪੀ।
ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਰੋਪੜ ।