ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤੀ-ਅਮਰੀਕੀ ਕਾਂਗਰਸਵਿਮੈਨ ਪ੍ਰਮਿਲਾ ਜਯਾਪਾਲ ਸਮੇਤ ਸੱਤ ਅਮਰੀਕੀ ਕਾਨੂੰਨਸਾਜ਼ਾਂ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਭਾਰਤ ਵਿਚ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਕਿਸਾਨ ਸੰਘਰਸ਼ ਦੇ ਮਾਮਲੇ ਵਿਚ ਦਖ਼ਲ ਦੇਣ ਅਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਕੇ ਕਿਸਾਨ ਹੱਕਾਂ ਦੀ ਬਹਾਲੀ ਲਈ ਯਤਨ ਕਰਨ।
ਪੱਤਰ ’ਚ ਕਿਹਾ ਗਿਆ ਹੈ ਕਿ ਇਹ ਮੁੱਦਾ ਹੋਰ ਸੂਬਿਆਂ ਖਾਸ ਕਰਕੇ ਪੰਜਾਬ ਨਾਲ ਜੁੜੇ ਅਮਰੀਕੀ ਸਿੱਖਾਂ ਦਾ ਹੈ ਜਿਸ ਕਾਰਨ ਅਮਰੀਕਾ ’ਚ ਰਹਿੰਦੇ ਭਾਰਤੀ ਫਿਕਰਮੰਦ ਹਨ। ਉਨ੍ਹਾਂ ਕਿਹਾ,‘‘ਕਈ ਭਾਰਤੀ ਅਮਰੀਕੀ ਸਿੱਧੇ ਤੌਰ ’ਤੇ ਇਸ ਮੁੱਦੇ ਨਾਲ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਪੰਜਾਬ ’ਚ ਕਈ ਪਰਿਵਾਰਾਂ ਦੀ ਜ਼ਮੀਨ ਹੈ ਅਤੇ ਉਹ ਭਾਰਤ ’ਚ ਰਹਿੰਦੇ ਪਰਿਵਾਰਾਂ ਲਈ ਚਿੰਤਿਤ ਹਨ। ਗੰਭੀਰ ਹਾਲਾਤ ਹੋਣ ਕਰਕੇ ਅਸੀਂ ਤੁਹਾਨੂੰ (ਪੌਂਪੀਓ) ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਕੇ ਅਮਰੀਕਾ ਦੀ ਵਿਦੇਸ਼ਾਂ ’ਚ ਬੋਲਣ ਦੀ ਆਜ਼ਾਦੀ ਪ੍ਰਤੀ ਵਚਨਬੱਧਤਾ ਨੂੰ ਲਾਗੂ ਕਰਵਾਇਆ ਜਾਵੇ।’’
ਕਾਨੂੰਨਸਾਜ਼ਾਂ ਨੇ ਕਿਹਾ ਹੈ ਕਿ ਅਮਰੀਕਾ ਸਮਾਜਿਕ ਅਸ਼ਾਂਤੀ ਦੇ ਮੌਜੂਦਾ ਹਾਲਾਤ ਕਾਰਨ ਸਲਾਹ ਦੇ ਸਕਦਾ ਹੈ। ਚਿੱਠੀ ’ਤੇ ਕਾਂਗਰਸਮੈੱਨ ਡੋਨਲਡ ਨੋਰਕ੍ਰਾਸ, ਬ੍ਰੈਂਡਨ ਐੱਫ ਬੋਯਲ, ਬ੍ਰਾਇਨ ਫਿਟਜ਼ਪੈਟਰਿਕ, ਮੈਰੀ ਗੇਅ ਸਕੈਨਲੋਨ, ਡੇਬੀ ਡਿੰਜੈਲ ਅਤੇ ਡੇਵਿਡ ਟਰੋਨ ਦੇ ਵੀ ਦਸਤਖ਼ਤ ਹਨ। ਇਸ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਅਮਰੀਕੀ ਸਿੱਖ ਜਥੇਬੰਦੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਏਜੀਪੀਸੀ ਦੇ ਪ੍ਰਿਤਪਾਲ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਭਾਰਤ ਵਿਚ ਕਿਸਾਨਾਂ ਦੇ ਅੰਦੋਲਨ ਕਾਰਨ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।
ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਚੰਗੇ ਸਿਆਸੀ ਤੇ ਵਪਾਰਕ ਸਬੰਧ ਹਨ। ਪੱਤਰ ਵਿਚ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਆਖਿਆ ਗਿਆ ਕਿ ਜਦੋਂ ਉਹ ਦਿੱਲੀ ਵਿਚ ਰੋਸ ਪ੍ਰਦਰਸ਼ਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰੋਕਣ ਲਈ ਸਰਕਾਰ ਵਲੋਂ ਤਸ਼ੱਦਦ ਕੀਤਾ ਗਿਆ। ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਗਏ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਜਲ ਤੋਪਾਂ ਨਾਲ ਪਾਣੀ ਦੀਆਂ ਬੌਛਾਰਾਂ ਮਾਰੀਆਂ ਗਈਆਂ ਸਨ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਹਿੱਤਾਂ ਵਾਸਤੇ ਕਾਨੂੰਨ ਬਣਾਉਣ ਦਾ ਹੱਕ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸ਼ਾਂਤਮਈ ਪ੍ਰਦਰਸ਼ਨ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਆਪਣੀ ਆਰਥਿਕ ਆਜ਼ਾਦੀ ’ਤੇ ਹਮਲੇ ਵਜੋਂ ਲੈ ਰਹੇ ਹਨ। ਇਸ ਦੌਰਾਨ ਸਿੱਖ ਆਗੂਆਂ ਨੇ ਅਮਰੀਕੀ ਕਾਂਗਰਸ ਦੇ ਨੁਮਾਇੰਦਿਆਂ ਵਲੋਂ ਭਾਰਤੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਭਰਵੀਂ ਸ਼ਲਾਘਾ ਕੀਤੀ ਹੈ।