ਆਂਧਰਾ ਪ੍ਰਦੇਸ਼: ਰਸਾਇਣ ਫੈਕਟਰੀ ’ਚ ਅੱਗ; 6 ਮਜ਼ਦੂਰਾਂ ਦੀ ਮੌਤ

ਅਮਰਾਵਤੀ (ਸਮਾਜ ਵੀਕਲੀ):  ਆਂਧਰਾ ਪ੍ਰਦੇਸ਼ ਦੇ ਐਲੁਰੁੂ ਜ਼ਿਲ੍ਹੇ ਅਧੀਨ ਪਿੰਡ ਅੱਕੀਰੈਡੀਗੁਡੇਮ ਵਿੱਚ ਅੱਜ ਤੜਕੇ ਇੱਕ ਰਸਾਇਣ ਫੈਕਟਰੀ ਦਾ ਰਿਐਕਟਰ ਫਟਣ ਮਗਰੋਂ ਅੱਗ ਲੱਗਣ ਕਾਰਨ ਘੱਟ-ਘੱਟ 6 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 12 ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਐਲੁਰੂ ਦੇ ਜ਼ਿਲ੍ਹਾ ਕੁਲੈਕਟਰ ਵੀ. ਪ੍ਰਸੰਨਾ ਵੈਂਕਟੇਸ਼ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਜਾਂਚ ਚੱਲਣ ਤੱਕ ਪੋਰਸ ਲੈਬਾਰਟਰੀ ਦੀ ਯੂਨਿਟ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਵੈਂਕਟੇਸ਼ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਉੱਚ ਦਬਾਅ ਕਾਰਨ ਰਿਐਕਟਰ ਵਿੱਚ ਧਮਾਕਾ ਹੋਇਆ ਜਾਂ ਖਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਅਸੀਂ ਇਨ੍ਹਾਂ ਸਾਰੇ ਪੱਖਾਂ ਦੀ ਜਾਂਚ ਕਰਾਂਗੇ। ਅਸੀਂ ਇਸ ਗੱਲ ਦੀ ਵੀ ਜਾਂਚ ਕਰਾਂਗੇ ਕਿ ਪਲਾਂਟ ਸੰਚਾਲਨ ਵਿੱਚ ਕਿਸੇ ਨਿਯਮ ਦੀ ਕੋਈ ਉਲੰਘਣਾ ਤਾਂ ਨਹੀਂ ਹੋਈ।’’ ਘਟਨਾ ਵਾਪਰਨ ਮਗਰੋਂ ਸੂਬਾ ਆਫ਼ਤ ਪ੍ਰਬੰਧਨ ਅਤੇ ਫਾਇਰ ਸਰਵਿਸਿਜ਼ ਮੁਲਾਜ਼ਮਾਂ ਤੋਂ ਇਲਾਵਾ ਐੱਨਡੀਆਰਐੱਫ ਦੇ ਜਵਾਨਾਂ ਵੱਲੋਂ ਬਚਾਅ ਮੁਹਿੰਮ ਚਲਾਈ। ਕੁਝ ਘੰਟਿਆਂ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਹੁਣ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਬੁੱਧਵਾਰ ਰਾਤ ਨੂੰ ਹਾਦਸਾ ਵਾਪਰਨ ਮੌਕੇ ਯੂਨਿਟ-4 ਵਿੱਚ 50 ਤੋਂ ਵੱਧ ਕਰਮਚਾਰੀ ਕੰਮ ਰਹੇ ਸਨ, ਜਿਨ੍ਹਾਂ ਵਿੱਚੋਂ 5 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਮੁਲਾਜ਼ਮ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕ ਕਰਮਚਾਰੀਆਂ ਵਿੱਚੋਂ ਚਾਰ ਜਣੇ ਬਿਹਾਰ ਦੇ ਵਸਨੀਕ ਦੱਸੇ ਜਾ ਰਹੇ ਹਨ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ 12 ਕਰਮਚਾਰੀਆਂ ਨੂੰ ਨੂਜ਼ੀਵਿਦੂ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਅਤੇ ਜਿਹੜੇ ਲੱਗਪਗ 80 ਫ਼ੀਸਦੀ ਝੁਲਸ ਗਏ ਸਨ, ਉਨ੍ਹਾਂ ਨੂੰ ਵਿਜੈਵਾੜਾ ਦੇ ਸਰਕਾਰੀ ਜਨਰਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸੂਬਾ ਮੁੱਖ ਸਕੱਤਰ ਸਮੀਰ ਸ਼ਰਮਾ ਨੇ ਦਿੱਲੀ ਤੋਂ ਫੋਨ ਰਾਹੀਂ ਐਲੁਰੂ ਜ਼ਿਲ੍ਹਾ ਕੁਲੈਕਟਰ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਨਾਲ ਹੀ ਘਟਨਾ ਦੀ ਜਾਂਚ ਕਰਕੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਇੱਕ ਵਿਧਾਇਕ ਨੇ ਦੱਸਿਆ ਕਿ ਸਰਕਾਰ ਨੇ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਇੰਨੀ ਹੀ ਰਕਮ ਫੈਕਟਰੀ ਮੈਨਜਮੈਂਟ ਵੱਲੋਂ ਦਿੱਤੀ ਜਾਵੇਗੀ। ਸਰਕਾਰ ਵੱਲੋਂ ਹਰੇਕ ਗੰਭੀਰ ਜ਼ਖ਼ਮੀ ਨੂੰ 5 ਲੱਖ ਅਤੇ ਬਾਕੀ ਜ਼ਖਮੀਆਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੂੰ ਲਾਲ ਸੂਚੀ ਵਿੱਚ ਪਾਉਣ ਬਾਰੇ ਅਮਰੀਕੀ ਕਮਿਸ਼ਨ ’ਚ ਖਿੱਚੋਤਾਣ
Next articleUkrainian FM, US Secy of State discuss new military aid for Ukraine