ਨਵੀਂ ਦਿੱਲੀ (ਸਮਾਜਵੀਕਲੀ) : ਅਮਰੀਕਾ ਦੇ ਆਵਾਜਾਈ ਬਾਰੇ ਵਿਭਾਗ ਨੇ ‘ਏਅਰ ਇੰਡੀਆ’ ’ਤੇ ਭਾਰਤ-ਅਮਰੀਕਾ ਵਿਚਾਲੇ ਚਾਰਟਰਡ ਯਾਤਰੀ ਉਡਾਣਾਂ ਚਲਾਉਣ ਉਤੇ 22 ਜੁਲਾਈ ਤੋਂ ਰੋਕ ਲਾ ਦਿੱਤੀ ਹੈ। ਵਿਭਾਗ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਉਡਾਣਾਂ ਅਮਰੀਕਾ ਨਹੀਂ ਉੱਤਰ ਸਕਣਗੀਆਂ।
ਇਹ ਕਾਰਵਾਈ ਭਾਰਤ ਵੱਲੋਂ ਅਮਰੀਕੀ ਉਡਾਣਾਂ ਨਾ ਉਤਰਨ ਦੇਣ ਦੇ ਬਦਲੇ ਵਜੋਂ ਦੇਖੀ ਜਾ ਰਹੀ ਹੈ। ਅਮਰੀਕੀ ਵਿਭਾਗ ਵੱਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ‘ਭਾਰਤ ਸਰਕਾਰ ਅਮਰੀਕੀ ਜਹਾਜ਼ਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ। ਇਸ ਤਰ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ ਤੇ ਅਮਰੀਕਾ ਤੋਂ ਉਡਾਣਾਂ ਦੇ ਭਾਰਤ ਆਉਣ-ਜਾਣ ’ਤੇ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ। ਇਸ ਲਈ ਇਹ ਫ਼ੈਸਲਾ ਲਿਆ ਜਾ ਰਿਹਾ ਹੈ।’
ਅਮਰੀਕਾ ਦੀ ‘ਡੇਲਟਾ’ ਏਅਰਲਾਈਨ ਨੇ 26 ਮਈ ਨੂੰ ਉਡਾਣ ਲਈ ਪ੍ਰਵਾਨਗੀ ਮੰਗੀ ਸੀ, ਜਿਸ ਦੀ ਇਜਾਜ਼ਤ ਅਜੇ ਤੱਕ ਨਹੀਂ ਮਿਲੀ। ਫ਼ੈਸਲੇ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਅਜਿਹੀਆਂ ਪਾਬੰਦੀਆਂ ਲਾਈਆਂ ਹਨ ਜਿਨ੍ਹਾਂ ਨਾਲ ਚਾਰਟਰ ਉਡਾਣਾਂ ਦਾ ਪੂਰਾ ਲਾਭ ਲੈਣ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਰਤ ਉਤੇ ਅਮਰੀਕਾ ਨੇ ਕੋਈ ਪਾਬੰਦੀ ਨਹੀਂ ਲਾਈ। ਭਾਰਤੀ ਯਾਤਰੀ ਜਹਾਜ਼ ਬਿਨਾਂ ਰੋਕ-ਟੋਕ ਆ-ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ’ਚ ਕੌਮਾਂਤਰੀ ਉਡਾਣਾਂ 25 ਮਾਰਚ ਤੋਂ ਬੰਦ ਹਨ। ‘ਏਅਰ ਇੰਡੀਆ’ ਵੱਲੋਂ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 6 ਮਈ ਤੋਂ ‘ਵੰਦੇ ਭਾਰਤ ਮਿਸ਼ਨ’ ਚਲਾਇਆ ਜਾ ਰਿਹਾ ਹੈ। ਅਮਰੀਕਾ ਵੱਲ 18 ਮਈ ਤੋਂ ਉਡਾਣਾਂ ਚਲਾਈਆਂ ਗਈਆਂ ਸਨ ਤੇ ਉਹ ਭਾਰਤ ਤੋਂ ਵੀ ਯਾਤਰੀ ਲਿਜਾ ਰਹੀਆਂ ਹਨ।