ਅਮਰੀਕਾ ਵੱਲੋਂ ਭਾਰਤ ਨੂੰ 9 ਕਰੋੜ ਡਾਲਰ ਦੇ ਫ਼ੌਜੀ ਉਪਕਰਣਾਂ ਦੀ ਵਿਕਰੀ ਦੀ ਮਨਜ਼ੂਰੀ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਨੇ ਆਪਣੇ ਸੀ-130ਜੇ ਸੁਪਰ ਹਰਕੁਲੀਜ਼ ਫ਼ੌਜੀ ਟਰਾਂਸਪੋਰਟ ਜਹਾਜ਼ ਦੇ ਬੇੜੇ ਦੀ ਸਹਾਇਤਾ ਵਜੋਂ ਭਾਰਤ ਨੂੰ 9 ਕਰੋੜ ਡਾਲਰ ਮੁੱਲ ਦੇ ਫ਼ੌਜੀ ਹਾਰਡਵੇਅਰ ਅਤੇ ਸੇਵਾਵਾਂ ਦੀ ਵਿਕਰੀ ਨੂੰ ਪ੍ਰਵਾਨਗੀ ਦਿੱਤੀ ਹੈ। ਰੱਖਿਆ ਵਿਭਾਗ ਦੀ ਫ਼ੌਜੀ ਸੁਰੱਖਿਆ ਸਹਿਯੋਗ ਏਜੰਸੀ ਨੇ ਕਿਹਾ ਕਿ ਇਸ ਪ੍ਰਸਤਾਵਿਤ ਵਿਕਰੀ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਕੌਮੀ ਸੁਰੱਖਿਆ ਨੂੰ ਹਮਾਇਤ ਮਿਲੇਗੀ ਅਤੇ ਅਮਰੀਕਾ ਤੇ ਭਾਰਤ ਦੇ ਰਣਨੀਤਕ ਸਬੰਧ ਹੋਰ ਮਜ਼ਬੂਤ ਹੋਣਗੇ।

ਕਾਂਗਰਸ ਨੂੰ ਅਹਿਮ ਵਿਕਰੀ ਦਾ ਨੋਟੀਫਿਕੇਸ਼ਨ ਭੇਜਦਿਆਂ ਏਜੰਸੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਅਤੇ ਦੱਖਣ ਏਸ਼ੀਆ ਖ਼ਿੱਤੇ ’ਚ ਸਿਆਸੀ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਦੇ ਨਜ਼ਰੀਏ ਤੋਂ ਭਾਰਤ ਅਹਿਮ ਤਾਕਤ ਬਣਿਆ ਹੋਇਆ ਹੈ। ਪੈਂਟਾਗਨ ਨੇ ਕਿਹਾ ਕਿ ਪ੍ਰਸਤਾਵਿਤ ਵਿਕਰੀ ਨਾਲ ਭਾਰਤੀ ਹਵਾਈ ਫ਼ੌਜ, ਥਲ ਅਤੇ ਜਲ ਸੈਨਾ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਪੈਂਟਾਗਨ ਮੁਤਾਬਕ ਸਾਜ਼ੋ-ਸਾਮਾਨ ਦੀ ਵਿਕਰੀ ਅਤੇ ਹਮਾਇਤ ਨਾਲ ਖ਼ਿੱਤੇ ’ਚ ਮੁੱਢਲਾ ਫ਼ੌਜੀ ਤਵਾਜ਼ਨ ਨਹੀਂ ਵਿਗੜੇਗਾ। ਮੁੱਖ ਠੇਕੇਦਾਰ ਜੌਰਜੀਆ ਸਥਿਤ ਲੌਕਹੀਡ-ਮਾਰਟਿਨ ਕੰਪਨੀ ਹੀ ਹੋਵੇਗੀ। ਜ਼ਿਕਰਯੋਗ ਹੈ ਕਿ 2016 ’ਚ ਅਮਰੀਕਾ ਨੇ ਭਾਰਤ ਨੂੰ ਮੁੱਖ ਰੱਖਿਆ ਭਾਈਵਾਲ ਨਾਮਜ਼ਦ ਕਰਦਿਆਂ ਰੱਖਿਆ ਵਪਾਰ ਅਤੇ ਤਕਨਾਲੋਜੀ ਸਾਂਝੀ ਕਰਨ ਦਾ ਫ਼ੈਸਲਾ ਲਿਆ ਸੀ।

Previous articleਪੰਜਾਬ ਦੇ ਕਿਸਾਨਾਂ ਨੇ ਕੇਂਦਰ ਦੇ ਗੋਡੇ ਲੁਆਏ: ਸ਼ਿਵ ਸੈਨਾ
Next articleਗਾਂਧੀ ਤੇ ਮਾਰਟਿਨ ਲੂਥਰ ਕਿੰਗ ਦੀ ਵਿਰਾਸਤ ਦਾ ਅਧਿਐਨ ਕਰਨਗੇ ਭਾਰਤ-ਅਮਰੀਕਾ