ਪੰਜਾਬ ਦੇ ਕਿਸਾਨਾਂ ਨੇ ਕੇਂਦਰ ਦੇ ਗੋਡੇ ਲੁਆਏ: ਸ਼ਿਵ ਸੈਨਾ

ਮੁੰਬਈ/ਨਵੀਂ ਦਿੱਲੀ/ਜੈਪੁਰ (ਸਮਾਜ ਵੀਕਲੀ) : ਸ਼ਿਵ ਸੈਨਾ ਨੇ ਅੱਜ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਦੇ ਗੋਡੇ ਲੁਆ ਦਿੱਤੇ ਹਨ ਤੇ ਸਾਰੀ ਦੁਨੀਆ ਉਨ੍ਹਾਂ ਵੱਲੋਂ ਦਿਖਾਏ ਏਕੇ ਤੋਂ ਸਿੱਖ ਰਹੀ ਹੈ। ਪਾਰਟੀ ਨੇ ਨਾਲ ਹੀ ਕੇਂਦਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਵੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁੱਕੀ ਹੈ।

ਸ਼ਿਵ ਸੈਨਾ ਨੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ, ‘ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਪ੍ਰਦਰਸ਼ਨ ਭਖ਼ਦਾ ਦਿਖਾਈ ਦੇ ਰਿਹਾ ਹੈ। ਮੋਦੀ ਸਰਕਾਰ ਨੂੰ ਪਹਿਲਾਂ ਕਦੀ ਵੀ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਕਾਰ ਦੇ ਸਦਾਬਹਾਰ ਹਥਿਆਰ ਸੀਬੀਆਈ, ਆਮਦਨ ਕਰ ਵਿਭਾਗ, ਈਡੀ ਤੇ ਐੱਨਸੀਬੀ ਇਸ ਮਾਮਲੇ ’ਚ ਕੰਮ ਨਹੀਂ ਆ ਰਹੇ। ਕਿਸਾਨਾਂ ਨੇ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ।’ ਉਨ੍ਹਾਂ ਕਿਹਾ, ‘ਉਹ (ਕਿਸਾਨ) ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ ਕਿ ਤਿੰਨੋਂ ਵਿਵਾਦਤ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ।

ਇੱਥੋਂ ਤੱਕ ਕਿ ਚੌਥੇ ਦੌਰ ਦੀ ਗੱਲਬਾਤ ਦੌਰਾਨ ਮੀਟਿੰਗ ’ਚ ਉਨ੍ਹਾਂ ਸਰਕਾਰ ਵੱਲੋਂ ਦਿੱਤੀ ਗਈ ਰੋਟੀ-ਪਾਣੀ ਤੱਕ ਲੈਣ ਤੋਂ ਵੀ ਇਨਕਾਰ ਕਰ ਦਿੱਤਾ।’ ਨੋਟਬੰਦੀ ਤੇ ਜੀਐੱਸਟੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਜਿਹੇ ਮੁੱਦੇ ਦਬਾਉਣ ਲਈ ਮੋਦੀ ਸਰਕਾਰ ਨੇ ਭਾਰਤ-ਪਾਕਿ ਸੰਘਰਸ਼ ਵਰਗੇ ਮੁੱਦੇ ਵਰਤੇ। ਉਨ੍ਹਾਂ ਕਿਹਾ, ‘ਲੌਕਡਾਊਨ ਕਾਰਨ ਪ੍ਰੇਸ਼ਾਨ ਲੋਕਾਂ ਸਾਹਮਣੇ ਇਸ ਨੇ (ਮੋਦੀ ਸਰਕਾਰ) ਰਾਮ ਮੰਦਰ ਦੀ ਪੇਸ਼ਕਸ਼ ਕੀਤੀ।

ਹਾਲਾਂਕਿ ਪੰਜਾਬ ਦੇ ਕਿਸਾਨਾਂ ਸਾਹਮਣੇ ਕੋਈ ਲੌਲੀਪੌਪ ਕੰਮ ਨਹੀਂ ਆਇਆ। ਇਹ ਪੰਜਾਬ ਦੇ ਏਕੇ ਦੀ ਜਿੱਤ ਹੈ। ਪ੍ਰਦਰਸ਼ਨ ਨਾਕਾਮ ਕਰਨ ਲਈ ਭਾਜਪਾ ਦੇ ਆਈਟੀ ਸੈੱਲ ਨੇ ਹਰ ਸੰਭਵ ਕੋਸ਼ਿਸ਼ ਕੀਤੀ।’ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਬਜ਼ੁਰਗ ਕਿਸਾਨ ਨੂੰ ਪੁਲੀਸ ਵੱਲੋਂ ਕੁੱਟੇ ਜਾਣ ਦੀ ਤਸਵੀਰ ਸਾਂਝੀ ਕੀਤੀ ਸੀ ਤਾਂ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਉਨ੍ਹਾਂ ’ਤੇ ਤਨਜ਼ ਕੱਸਿਆ ਸੀ ਪਰ ਟਵਿੱਟਰ ਨੇ ਮਾਲਵੀਆ ਨੂੰ ਅਸਲੀਅਤ ਦੱਸ ਦਿੱਤੀ ਹੈ। ਉਨ੍ਹਾਂ ਕਿਹਾ, ‘ਪ੍ਰਦਰਸ਼ਨਕਾਰੀਆਂ ਵੱਲੋਂ ਮੋਦੀ ਸਰਕਾਰ ਲਈ ਮੁਸ਼ਕਲ ਖੜ੍ਹੇ ਕੀਤੇ ਜਾਣ ਤੋਂ ਅਸੀਂ ਖੁਸ਼ ਨਹੀਂ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ। ਅੱਜ ਪੰਜਾਬ ਉਬਾਲੇ ਮਾਰ ਰਿਹਾ ਹੈ ਪਰ ਜਦੋਂ ਸਾਰੇ ਦੇਸ਼ ’ਚ ਅਜਿਹਾ ਮਾਹੌਲ ਹੋਵੇਗਾ ਤਾਂ ਕੀ ਹੋਵੇਗਾ?’

ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਫੋਨ ’ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਟੀਐੱਮਸੀ ਉਨ੍ਹਾਂ ਨਾਲ ਖੜ੍ਹੀ ਹੈ। ਇਹ ਜਾਣਕਾਰੀ ਪਾਰਟੀ ਆਗੂ ਡੈਰੇਕ ਓ ਬ੍ਰਾਇਨ ਨੇ ਦਿੱਤੀ। ਕਿਸਾਨਾਂ ਨਾਲ ਤਕਰੀਬਨ ਚਾਰ ਘੰਟੇ ਰਹਿਣ ਵਾਲੇ ਬ੍ਰਾਇਨ ਨੇ ਫੋਨ ’ਤੇ ਮਮਤਾ ਬੈਨਰਜੀ ਦੀ ਗੱਲ ਕਰਵਾਈ। ਕਿਸਾਨਾਂ ਨੇ ਹਮਾਇਤ ਲਈ ਮਮਤਾ ਬੈਨਰਜੀ ਦਾ ਧੰਨਵਾਦ ਕੀਤਾ। ਉੱਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਟਵੀਟ ਕੀਤਾ, ‘ਕੇਂਦਰ ਸਰਕਾਰ ਨੂੰ ਇਹ ਕਾਨੂੰਨ ਤੁਰੰਤ ਵਾਪਸ ਲੈ ਕੇ ਕਿਸਾਨਾਂ ਨਾਲ ਕੀਤੇ ਮਾੜੇ ਵਿਹਾਰ ਲਈ ਮੁਆਫੀ ਮੰਗਣੀ ਚਾਹੀਦੀ ਹੈ।’

Previous articleCanada’s Covid-19 cases surpass 400,000
Next articleਅਮਰੀਕਾ ਵੱਲੋਂ ਭਾਰਤ ਨੂੰ 9 ਕਰੋੜ ਡਾਲਰ ਦੇ ਫ਼ੌਜੀ ਉਪਕਰਣਾਂ ਦੀ ਵਿਕਰੀ ਦੀ ਮਨਜ਼ੂਰੀ