ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਦੀ ਹਮਾਇਤ ਕੀਤੀ ਹੈ। ਉਸ ਨੇ ਕਿਹਾ ਕਿ ਉਹ ਕਸ਼ਮੀਰ ਸਮੇਤ ਉਨ੍ਹਾਂ ਸਾਰੇ ਮਸਲਿਆਂ ‘ਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਸਿੱਧੀ ਗੱਲਬਾਤ ਦੀ ਹਮਾਇਤ ਕਰਨਾ ਜਾਰੀ ਰੱਖੇਗਾ ਜਿਸ ਨਾਲ ਉਨ੍ਹਾਂ ‘ਚ ਤਣਾਅ ਦੂਰ ਹੋ ਸਕੇ। ਦੱਖਣੀ ਤੇ ਮੱਧ ਏਸ਼ਿਆਈ ਮਾਮਲਿਆਂ ਦੀ ਸਹਾਇਕ ਕਾਰਜਕਾਰੀ ਵਿਦੇਸ਼ ਮੰਤਰੀ ਐਲਿਸ ਜੀ ਵੇਲਸ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਰਾਹੀਂ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ‘ਅਮਰੀਕੀ ਕੌਂਸਲ ਆਫ ਮੁਸਲਿਮ ਦੀ ਆਰਗੇਨਾਈਜ਼ੇਸ਼ਨ ਦੇ ਪ੍ਰਤੀਨਿਧੀਆਂ ਨੇ ਵਿਦੇਸ਼ ਮੰਤਰਾਲੇ ‘ਚ ਪਾਕਿਸਤਾਨ ਮਾਮਲੇ ਦੇ ਅਧਿਕਾਰੀ ਏਰਵਿਨ ਮਸਿੰਗਾ ਨਾਲ ਹਾਲੀਆ ਹੀ ‘ਚ ਮੁਲਾਕਾਤ ਕੀਤੀ। ਏਰਵਿਨ ਨੇ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਮਰੀਕਾ ਕਸ਼ਮੀਰ ਤੇ ਦੂਜੇ ਮਸਲਿਆਂ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਦੀ ਹਮਾਇਤ ਕਰਦਾ ਰਹੇਗਾ।’