ਅਮਰੀਕਾ ਪੁੱਜੇ ਇਮਰਾਨ ਦਾ ਫਿੱਕਾ ਸਵਾਗਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਦੇ ਆਪਣੇ ਤਿੰਨ ਦਿਨਾ ਪਹਿਲੇ ਅਧਿਕਾਰਤ ਦੌਰੇ ’ਤੇ ਸ਼ਨਿੱਚਰਵਾਰ ਦੁਪਹਿਰੇ ਇੱਥੇ ਪਹੁੰਚ ਗਏ। ਹਾਲਾਂਕਿ ਅਮਰੀਕਾ ’ਚ ਜਿਸ ਤਰ੍ਹਾਂ ਦਾ ਸਵਾਗਤ ਵਿਦੇਸ਼ੀ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਦਾ ਸਰਕਾਰੀ ਤੌਰ ’ਤੇ ਕੀਤਾ ਜਾਂਦਾ ਹੈ, ਉਸ ਤਰ੍ਹਾਂ ਦਾ ਸਵਾਗਤ ਪਾਕਿ ਪ੍ਰਧਾਨ ਮੰਤਰੀ ਦਾ ਨਹੀਂ ਕੀਤਾ ਗਿਆ। ਇਸ ਦੌਰਾਨ ਉਹ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰ ਕੇ ਦੁਵੱਲੇ ਸਬੰਧਾਂ ਵਿਚ ਸੁਧਾਰ ਲਿਆਉਣ ਦਾ ਯਤਨ ਕਰਨਗੇ। ਇਮਰਾਨ ਕਤਰ ਏਅਰਵੇਜ਼ ਦੀ ਉਡਾਨ ਰਾਹੀਂ ਅਮਰੀਕਾ ਪੁੱਜੇ। ਉਹ ਇੱਥੇ ਪਾਕਿਸਤਾਨ ਦੇ ਸਫ਼ੀਰ ਅਸਦ ਮਜੀਦ ਖ਼ਾਨ ਦੀ ਸਰਕਾਰੀ ਰਿਹਾਇਸ਼ ’ਤੇ ਠਹਿਰੇ ਹੋਏ ਹਨ। ਅਮਰੀਕਾ ਪਹੁੰਚਣ ਮੌਕੇ ਪਾਕਿ ਪ੍ਰਧਾਨ ਮੰਤਰੀ ਦੇ ਨਾਲ ਵਿਦੇਸ਼ ਸਕੱਤਰ ਸੋਹੇਲ ਮਹਿਮੂਦ ਤੇ ਵਣਜ ਸਲਾਹਕਾਰ ਅਬਦੁਲ ਰਜ਼ਾਕ ਸਨ। ਇਸ ਮੌਕੇ ਵੱਡੀ ਗਿਣਤੀ ਪਾਕਿ ਮੂਲ ਦੇ ਅਮਰੀਕੀ ਨਾਗਰਿਕ ਹਾਜ਼ਰ ਸਨ। ਅਮਰੀਕਾ ਵੱਲੋਂ ਹਵਾਈ ਅੱਡੇ ’ਤੇ ਸਿਰਫ਼ ਪ੍ਰੋਟੋਕਲ ਅਧਿਕਾਰੀ ਹੀ ਹਾਜ਼ਰ ਸੀ। ਹਵਾਈ ਅੱਡੇ ’ਤੇ ਉਨ੍ਹਾਂ ਦੇ ਸਵਾਗਤ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਹੀ ਮੌਜੂਦ ਸਨ। ਅਮਰੀਕਾ ਵੱਲੋਂ ਪਾਕਿਸਤਾਨ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੇ ਜਾਣ, ਫ਼ੌਜੀ ਸਹਾਇਤਾ ਰੋਕੇ ਜਾਣ ਤੇ ਅਤਿਵਾਦ ਖ਼ਿਲਾਫ਼ ਲੜਾਈ ਤੇਜ਼ ਕਰਨ ਲਈ ਕਹਿਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਪ੍ਰਭਾਵਿਤ ਹੋਏ ਸਨ। ਖ਼ਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵ੍ਹਾਈਟ ਹਾਊਸ ਵਿਚ ਭਲਕੇ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਅਮਰੀਕੀ ਲੀਡਰਸ਼ਿਪ ਉਨ੍ਹਾਂ ’ਤੇ ਪਾਕਿ ਦੀ ਧਰਤੀ ਉੱਤੇ ਸਰਗਰਮ ਕੱਟੜਵਾਦੀਆਂ ਤੇ ਅਤਿਵਾਦੀ ਸਮੂਹਾਂ ਖ਼ਿਲਾਫ਼ ‘ਫ਼ੈਸਲਾਕੁਨ ਤੇ ਸਥਿਰ’ ਕਾਰਵਾਈ ਕਰਨ ਤੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ’ਚ ਸਹਿਯੋਗੀ ਭੂਮਿਕਾ ਨਿਭਾਉਣ ਲਈ ਦਬਾਅ ਬਣਾਏਗਾ। ਖ਼ਾਨ ਕੈਪੀਟਲ ਹਿੱਲ ’ਤੇ ਸੰਸਦ ਮੈਂਬਰਾਂ ਨੂੰ ਵੀ ਮਿਲਣਗੇ। ਇਮਰਾਨ ਨੇ ਅੱਜ ਪਾਕਿ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਡਾਊਨਟਾਊਨ ਵਾਸ਼ਿੰਗਟਨ ਡੀਸੀ ’ਚ ਸੰਬੋਧਨ ਕੀਤਾ। ਪਾਕਿਸਤਾਨ ਇਸ ਦੌਰੇ ਦੌਰਾਨ ਲਾਬਿੰਗ ਫਰਮ ‘ਹਾਲੈਂਡ ਐਂਡ ਨਾਈਟ’ ਦੀ ਸਹਾਇਤਾ ਲੈ ਰਿਹਾ ਹੈ। ਖ਼ਾਨ ਦੇ ਦੌਰੇ ਦਾ ਬਲੋਚ, ਸਿੰਧੀ ਤੇ ਮੋਹਾਜਿਰਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਵਾਸ਼ਿੰਗਟਨ ਡੀਸੀ ਵਿਚ ਠਾਹਰ ਦੌਰਾਨ ਖ਼ਾਨ ਟਰੰਪ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ (ਆਈਐਮਐੱਫ) ਦੇ ਕਾਰਜਕਾਰੀ ਮੁਖੀ ਡੇਵਿਡ ਲਿਪਟਨ ਤੇ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਲਪਾਸ ਨਾਲ ਵੀ ਮੁਲਾਕਾਤ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਮੰਗਲਵਾਰ ਨੂੰ ਇਮਰਾਨ ਨਾਲ ਮੁਲਾਕਾਤ ਕਰਨਗੇ। ਓਵਲ ਆਫ਼ਿਸ ਵਿਚ ਆਹਮੋ-ਸਾਹਮਣੇ ਮੁਲਾਕਾਤ ਦੇ ਨਾਲ ਹੀ ਟਰੰਪ ਦੌਰੇ ’ਤੇ ਆਏ ਵਫ਼ਦ ਨੂੰ ਭਲਕੇ ਵ੍ਹਾਈਟ ਹਾਊਸ ਵਿਚ ਦੁਪਹਿਰ ਦਾ ਭੋਜ ਦੇਣਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਪਾਕਿਸਤਾਨ ਨੇ ‘ਝੂਠ ਤੇ ਧੋਖੇ’ ਤੋਂ ਇਲਾਵਾ ਅਮਰੀਕਾ ਨੂੰ ਕੁਝ ਨਹੀਂ ਦਿੱਤਾ।

Previous articleਗੱਠਜੋੜ ਸਰਕਾਰ ਦਾ ਅੱਜ ਆਖਰੀ ਦਿਨ ਹੋਵੇਗਾ: ਯੇਦੀਯੁਰੱਪਾ
Next articleਸਰਕਾਰ ਅੱਜ ਲਿਖੇਗੀ ਬਠਿੰਡਾ ਥਰਮਲ ਦੇ ਭਾਗ