ਅਮਰੀਕਾ ਨੇ 2018 ’ਚ 10 ਹਜ਼ਾਰ ਭਾਰਤੀਆਂ ਨੂੰ ਹਿਰਾਸਤ ’ਚ ਲਿਆ

ਅਮਰੀਕਾ ਵਿਚ ਵੱਖ-ਵੱਖ ਏਜੰਸੀਆਂ ਨੇ 2018 ’ਚ ਕਰੀਬ 10,000 ਭਾਰਤੀਆਂ ਨੂੰ ਕੌਮੀ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਹੈ। ਸਰਕਾਰੀ ਰਿਪੋਰਟ ਮੁਤਾਬਕ ਏਜੰਸੀਆਂ ਨੇ ਇਨ੍ਹਾਂ ਦੀ ਸ਼ਨਾਖ਼ਤ ਕਰ ਕੇ ਮੁਲਕ ਤੋਂ ਬਾਹਰ ਭੇਜਣ ਦੀ ਕਾਰਵਾਈ ਵੀ ਆਰੰਭੀ ਹੈ। ਕਰੀਬ 831 ਜਣਿਆਂ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਰਿਪੋਰਟ ‘ਇਮੀਗ੍ਰੇਸ਼ਨ ਐਨਫੋਰਸਮੈਂਟ: ਅਰੈਸਟ, ਡਿਟੈਨਸ਼ਨਜ਼ ਤੇ ਰਿਮੂਵਲ’ ਦੱਸਦੀ ਹੈ ਕਿ 2015 ਤੋਂ 2018 ਤੱਕ ਹਿਰਾਸਤ ਵਿਚ ਲਏ ਗਏ ਭਾਰਤੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਸੰਨ 2015 ਵਿਚ 3,532 ਭਾਰਤੀ ਹਿਰਾਸਤ ਵਿਚ ਲਏ ਗਏ ਸਨ ਜੋ ਕਿ 2016 ਵਿਚ ਵਧ ਕੇ 3,913 ਹੋ ਗਏ। ਇਸ ਤੋਂ ਬਾਅਦ 2017 ਵਿਚ ਇਹ ਗਿਣਤੀ 5322 ਤੇ 2018 ਵਿਚ 9,811 ਹੋ ਗਈ। ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ 2018 ਵਿਚ 831 ਜਣਿਆਂ ਨੂੰ ਵਾਪਸ ਭੇਜ ਦਿੱਤਾ। 2015 ਵਿਚ 296, 2016 ਵਿਚ 387 ਤੇ 2017 ਵਿਚ 474 ਜਣੇ ਵਾਪਸ ਭਾਰਤ ਭੇਜੇ ਗਏ ਸਨ। ਏਜੰਸੀ ਨੇ 2015 ’ਚ 317 ਗ੍ਰਿਫ਼ਤਾਰੀਆਂ ਕੀਤੀਆਂ ਸਨ ਜੋ 2016 ਵਿਚ ਵਧ ਕੇ 390 ਹੋ ਗਈਆਂ। ਸੰਨ 2017 ਵਿਚ 536 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 2018 ਵਿਚ ਗਿਣਤੀ ਵੱਧ ਕੇ 620 ਹੋ ਗਈ। ਡੇਟਾ ਦਿਖਾਉਂਦਾ ਹੈ ਕਿ ਟਰਾਂਸਜੈਂਡਰ, ਗਰਭਵਤੀ ਮਹਿਲਾਵਾਂ ਤੇ ਅੰਗਹੀਣਾਂ ਨੂੰ ਹਿਰਾਸਤ ਵਿਚ ਲੈਣ ਦੇ ਮਾਮਲੇ ਵੀ ਵਧੇ ਹਨ।

Previous articleਰੋਹਿੰਗੀਆ ਖ਼ਿਲਾਫ਼ ਕਾਰਵਾਈ ਦਾ ਮੰਤਵ ‘ਨਸਲਕੁਸ਼ੀ’ ਨਹੀਂ ਸੀ: ਸੂ ਕੀ
Next articleGoa debates renaming road after Manohar Parrikar