ਅਮਰੀਕਾ ਦੇ ਸਪਰਿੰਗਫੀਲਡ ਵਿਸ਼ਵ ਸਭਿਆਚਾਰਕ ਮੇਲੇ ਵਿਚ ਸਿੱਖਾਂ ਦੀ ਨਿਵੇਕਲੀ ਪਛਾਣ ਬਣੀ ਖਿੱਚ ਦਾ ਕੇਂਦਰ

ਸਪਰਿੰਗਫੀਲਡ ਦੇ ਪੁਲੀਸ ਚੀਫ ਨੇ ਸਿੱਖੀ ਸਰੂਪ ਵਿਚ ਪੁਲਿਸ ਵਿਚ ਸ਼ਾਮਲ ਹੋਣ ਦਾ ਦਿੱਤਾ ਸੱਦਾ ਅਮਰੀਕੀਆਂ ਨੇ ਪੰਜਾਬੀ
ਸਭਿਆਚਾਰ ਦਾ ਵੀ ਖ਼ੂਬ ਆਨੰਦ ਮਾਣਿਆ

ਡੇਟਨ – (ਡਾ.ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਅੋ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 23 ਵਾਂ ਵਿਸ਼ਵ ਪੱਧਰੀ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਅਮਰੀਕਾ ਵਿਚ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿਚ ਵਿਸ਼ਵ ਸਭਿਆਚਾਰਕ ਮੇਲੇ ਲੱਗਦੇ ਹਨ।

ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵਿਭਿੰਨ ਦੇਸ਼ਾਂ ਦੇ ਸਭਿਆਚਾਰ, ਸੰਗੀਤ ਅਤੇ ਨਾਚਾਂ ਵਿੱਚ ਸਾਂਝਾਂ ਅਤੇ ਵਖਰੇਵਿਆਂ ਤੋਂ ਜਾਣਕਾਰੀ ਮਿਲਦੀ ਹੈ। ਆਪੋ ਆਪਣੇ ਦੇਸ਼ ਦਾ ਪਹਿਰਾਵਾ, ਖਾਣਾ, ਰਹਿਣੀ ਬਹਿਣੀ ਆਦਿ ਬਾਰੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਿਥੇ ਇਹ ਮੇਲੇ ਅਮਰੀਕਨਾਂ ਨੂੰ ਜਾਣਕਾਰੀ ਦਿੰਦੇ ਹਨ, ਉਥੇ ਅਮਰੀਕਾ ਵਿੱਚ ਵੱਸਦੇ ਲੋਕਾਂ ਨੂੰ ਆਪੋ ਆਪਣੇ ਮੁਲਕ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ।

ਸਪਰਿੰਗਫੀਲਡ ਦੇ ਇਸ ਮੇਲੇ ਵਿਚ ਇੱਥੋਂ ਦੇ ਵਸਨੀਕ ਅਵਤਾਰ ਸਿੰਘ ਪਰਿਵਾਰ ਸਮੇਤ ਪਿਛਲੇ 21 ਸਾਲਾਂ ਤੋਂ ਭਾਗ ਲੈਂਦੇ ਹਨ। ਉਹ ਨੇੜਲੇ ਸ਼ਹਿਰ ਡੇਟਨ, ਸਿਨਸਿਨਾਟੀ ਤੇ ਕੋਲੰਬਸ ਦੇ ਵਸਨੀਕਾਂ ਦੇ ਸਹਿਯੋਗ ਨਾਲ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ।

ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖਾਂ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਲੋਕਾਂ ਵਲੋਂ ਖੁਸ਼ੀ ਖੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਹਨਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਮੇਲੇ ਵਿਚ ਜਦ ਹੀ ਦਸਤਾਰਾਂ ਬਨਣੀਆਂ ਸ਼ੁਰੂ ਕੀਤੀਆ ਗਈਆ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਵੱਡੀ ਗਿਣਤੀ ਵਿਚ ਦਸਤਾਰਾਂ ਸਜਾਈਆਂ ਗਈਆਂ। ਸਿੱਖਾਂ ਅਤੇ ਉਨਾਂ ਦੀ ਨਿਵਕੇਲੀ ਪਛਾਣ ਤੋਂ ਜਾਣੂ ਕਰਾਉਣ ਲਈ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸਿਖ ਫੋਜੀਆਂ, ਸਿੱਖਾਂ ਦੀ ਦਸਤਾਰ, ਕੇਸਾਂ ਤੇ ਸਿੱਖਾਂ ਨਾਲ ਸੰਬੰਧਿਤ ਹੋਰ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਵਿਚ ਰਖੀਆਂ ਗਈਆਂ।

ਸਪਰਿੰਗਫੀਲਡ ਦੇ ਪੁਲਿਸ ਚੀਫ ਲੀ ਗ੍ਰਾਫ ਵੀ ਸਿੱਖਸ ਇਨ ਅਮਰੀਕਾ ਦੇ ਬੂਥ ਤੇ ਆਏ। ਉਹਨਾਂ ਨੇ ਹੁੁਸਟਨ ਵਿਖੇ ਸਿੱਖ ਪਛਾਣ ਨੂੰ ਕਾਇਮ ਰੱਖਦੇ ਸ਼ਹੀਦ ਹੋਏ ਦਸਤਾਰਧਾਰੀ ਡਿਪਟੀ ਸ਼ੈਰੀਫ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ। ਡੇਟਨ ਦੇ ਵਸਨੀਕ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨਾਲ ਗੱਲਬਾਤ ਕਰਦਿਆਂ ਪੁਲਿਸ ਚੀਫ ਨੇ ਸਿੱਖਾਂ ਨੂੰ ਸਪਰਿੰਗਫੀਲਡ ਪੁਲਿਸ ਵਿਚ ਸਿੱਖੀ ਸਰੂਪ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ। ਸਿੱਖਾਂ ਨੂੰ ਹਾਲੇ ਅਮਰੀਕਾ ਦੇ ਸਿਰਫ ਕੁੱਝ ਸ਼ਹਿਰਾਂ ਵਿਚ ਸਿੱਖੀ ਸਰੂਪ ਵਿਚ ਸ਼ਾਮਲ ਹੋਣ ਦੀ ਆਗਿਆ ਹੈ। ਇਸ ਪੇਸ਼ਕਸ਼ ਦਾ ਸਿਖ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ ਹੈ।

ਮੇਅਰ ਵਾਰਨ ਕੋਪ ਨੇ ਉਦਘਾਟਨ ਦੀ ਰਸਮ ਅਦਾ ਕੀਤੀ। ਉਪਰੰਤ ਵੱਖ-ਵੱਖ ਮੁਲਕਾਂ ਤੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿ ਚਗਿੱਧਾ ਤੇ ਭੰਗੜਾ ਵੀ ਸ਼ਾਮਲ ਸਨ। ਕੋਲਬੰਸ ਦੇ ਵਸਨੀਕ ਸ. ਗੁਰਪ੍ਰੀਤ ਸਿੰਘ ਨੇ ਢੋਲ ਦੇ ਡੱਗੇ ਤੇ ਅਮਰੀਕੀ ਨਚਣੇ ਲਾ ਦਿੱਤੇ। ਇਸ ਪਿੱਛੋਂ ਗਿੱਧੇ ਅਤੇ ਭੰਗੜੇ ਨੇ ਵੀ ਖ਼ੂਬ ਰੰਗ ਬੰਨਿਆ। ਡੇਟਨ ਦੀ ਏ ਐਂਡ ਏ ਫੋਟੋਗ੍ਰਾਫੀ ਨੇ ਮੇਲੇ ਦੀਆਂ ਅਨਮੋਲ ਯਾਦਾਂ ਨੂੰ ਕੈਮਰਾਬੰਦ ਕੀਤਾ।


ਫੋਟੋ ਧੰਨਵਾਦ: ਏ ਐਂਡ ਏ ਫੋਟੋਗ੍ਰਾਫੀ ਡੇਟਨ, ਓਹਾਇਓ

 

Previous articleShiv Sena promises Rs 10/meal, sops for farmers in manifesto
Next articleਚੋਣਾਂ ਸਰਕਾਰੀ ਖ਼ਰਚੇ ਨਾਲ ਹੋਣ – ਲੋਕ ਸਭਾ ਚੋਣਾਂ ਵਿੱਚ 55 ਹਜ਼ਾਰ ਕਰੋੜ ਰੁਪਏ ਤੋਂ 60 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਖ਼ਰਚਾ ਹੋਇਆ