ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗ ਦੀ ਮਾਰ ਝੱਲ ਰਹੇ ਸੀਰੀਆ ਤੋਂ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ। ਉਨ੍ਹਾਂ ਦੂਜੇ ਮੁਲਕਾਂ ਨੂੰ ਵੀ ਜ਼ਿੰਮੇਵਾਰੀਆਂ ਵੰਡਾਉਣ ਲਈ ਕਿਹਾ। ਉਨ੍ਹਾਂ ਇਰਾਕ ਦੀ ਆਪਣੀ ਪਹਿਲੀ ਅਣਐਲਾਨੀ ਯਾਤਰਾ ਦੌਰਾਨ ਇਹ ਟਿੱਪਣੀ ਕੀਤੀ। ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਕ੍ਰਿਸਮਸ ਦੀ ਰਾਤ ਨੂੰ ਚੁੱਪ-ਚੁਪੀਤੇ ਵਾਸ਼ਿੰਗਟਨ ਤੋਂ ਰਵਾਨਾ ਹੋਏ ਅਤੇ ਇਰਾਕ ਵਿਚ ਤਾਇਨਾਤ ਅਮਰੀਕੀ ਫ਼ੌਜੀਆਂ ਨੂੰ ਛੁੱਟੀ ਦੀ ਵਧਾਈ ਦੇਣ ਬੁੱਧਵਾਰ ਨੂੰ ਇੱਥੇ ਪੁੱਜੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਜ਼ ਨੇ ਟਵੀਟ ਕੀਤਾ,‘ਰਾਸ਼ਟਰਪਤੀ ਟਰੰਪ ਅਤੇ ਪਹਿਲੀ ਮਹਿਲਾ ਸਾਡੇ ਸੈਨਿਕਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਕ੍ਰਿਸਮਸ ਦੇਰ ਰਾਤ ਇਰਾਕ ਗਏ। ਉਹ ਉਨ੍ਹਾਂ ਨੂੰ ਉਨ੍ਹਾਂ ਦੀ ਸੇਵਾ, ਸਫ਼ਲਤਾ ਅਤੇ ਕੁਰਬਾਨੀ ਲਈ ਧੰਨਵਾਦ ਅਤੇ ਕ੍ਰਿਸਮਸ ਦੀ ਮੁਬਾਰਕਬਾਦ ਦੇਣਾ ਚਾਹੁੰਦੇ ਸਨ।’ ਰਾਸ਼ਟਰਪਤੀ ਟਰੰਪ ਨੇ ਬਗਦਾਦ ਦੇ ਪੱਛਮ ਵਿਚ ਸਥਿਤ ਇੱਕ ਏਅਰਬੇਸ ਉੱਤੇ ਅਮਰੀਕਾ ਦੇ ਸੌ ਸੈਨਿਕਾਂ ਦੇ ਸਮੂਹ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ ਸੀਰੀਆ ਤੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘ਅਮਰੀਕਾ ਲਗਾਤਾਰ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ।’ ਉਨ੍ਹਾਂ ਕਿਹਾ ਕਿ ਅਮਰੀਕਾ ਆਈਐਸ ਅਤੇ ਸੀਰੀਆ ਖਿਲਾਫ਼ ਮੁਹਿੰਮਾਂ ਲਈ ਇਰਾਕ ਨੂੰ ਖੇਤਰੀ ਲਾਂਚਿੰਗ ਪੈਡ ਵਜੋਂ ਇਸਤੇਮਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਉੱਤੇ ਕੋਈ ਦਹਿਸ਼ਤਗਰਦੀ ਹਮਲਾ ਹੋਇਆ ਤਾਂ ਇਸ ਦਾ ਕਰਾਰਾ ਜੁਆਬ ਦਿੱਤਾ ਜਾਵੇਗਾ। ਉਨ੍ਹਾਂ ਫ਼ੌਜੀਆਂ ਨੂੰ ਕਿਹਾ,‘ਜੇਕਰ ਕੁਝ ਵੀ ਹੁੰਦਾ ਹੈ ਤਾਂ ਉਸ ਲਈ ਜ਼ਿੰਮੇਵਾਰ ਲੋਕਾਂ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ ਜੋ ਕਿਸੇ ਨੇ ਭੁਗਤੇ ਨਹੀਂ ਹੋਣਗੇ।’
HOME ਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ: ਟਰੰਪ