ਅਮਰੀਕਾ ’ਚ ਆਈਐੱਸਆਈ ਏਜੰਟਾਂ ਨੂੰ ਮਿਲਿਆ ਸੀ ਨਵਲੱਖਾ: ਐੱਨਆਈਏ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭੀਮਾ ਕੋਰੇਗਾਓਂ ਮਾਮਲੇ ’ਚ ਮੁੰਬਈ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਅੱਠ ਵਿਅਕਤੀਆਂ ਖ਼ਿਲਾਫ਼ ਦਾਇਰ ਪਹਿਲੀ ਚਾਰਜਸ਼ੀਟ ’ਚ ਦਾਅਵਾ ਕੀਤਾ ਹੈ ਕਿ ਸਮਾਜਿਕ ਕਾਰਕੁਨ ਗੌਤਮ ਨਵਲੱਖਾ ਨੇ ਅਮਰੀਕਾ ਰਹਿੰਦੇ ਸਾਂਝੇ ਮਿੱਤਰ ਦੀ ਮਦਦ ਨਾਲ ਪਾਕਿਸਤਾਨੀ ਆਈਐੱਸਆਈ ਏਜੰਟਾਂ ਨਾਲ ਮੁਲਾਕਾਤ ਕੀਤੀ ਸੀ।

ਐੱਨਆਈਏ ਦੇ ਦਿੱਲੀ ਆਧਾਰਿਤ ਸੂਤਰਾਂ ਨੇ ਦੱਸਿਆ, ‘ਨਵਲੱਖਾ ਨੇ ਅਮਰੀਕਾ ਫੇਰੀ ਦੌਰਾਨ ਆਪਣੇ ਇੱਕ ਸਾਂਝੇ ਮਿੱਤਰ ਰਾਹੀਂ ਆਈਐੱਸਆਈ ਦੇ ਏਜੰਟਾਂ ਨਾਲ ਮੁਲਾਕਾਤ ਕੀਤੀ ਸੀ।’ ਸੂਤਰਾਂ ਨੇ ਕਿਹਾ ਕਿ ਆਈਐੱਸਆਈ ਏਜੰਟਾਂ ਨੇ ਨਵਲੱਖਾ ਤੱਕ ਪਹੁੰਚ ਕਰਕੇ ਉਸ ਨੂੰ ਭਾਰਤ ’ਚ ਜਾਸੂਸੀ ਲਈ ਵਿਅਕਤੀ ਲੱਭ ਕੇ ਦੇਣ ’ਚ ਮਦਦ ਮੰਗੀ ਸੀ। ਸੂਤਰਾਂ ਨੇ ਹਾਲਾਂਕਿ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਨਵਲੱਖਾ ਕਿਹੜੇ ਸਾਲ ’ਚ ਅਮਰੀਕਾ ਗਿਆ ਸੀ ਤੇ ਉਸ ਨੇ ਕਿੰਨੀ ਵਾਰ ਆਈਐੱਸਆਈ ਏਜੰਟਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਨੇ ਇਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕੀ ਨਵਲੱਖਾ ਨੇ ਦੁਬਾਰਾ ਕਦੀ ਆਈਐੱਸਆਈ ਏਜੰਟਾਂ ਨਾਲ ਮੁਲਾਕਾਤ ਕੀਤੀ ਸੀ ਜਾਂ ਨਹੀਂ।

ਐੱਨਆਈਏ ਨੇ ਦਾਅਵਾ ਕੀਤਾ ਹੈ ਕਿ ਨਵਲੱਖਾ ਆਈਐੱਸਆਈ ਦੇ ਸੰਪਰਕ ’ਚ ਸੀ ਅਤੇ ਉਸ ਨੇ ਭਾਰਤ ਸਰਕਾਰ ਖ਼ਿਲਾਫ਼ ਗਤੀਵਿਧੀਆਂ ਚਲਾਉਣ ਦੀ ਯੋਜਨਾ ਬਣਾਈ ਸੀ। ਐੱਨਆਈਏ ਨੇ ਇਹ ਦਾਅਵਾ ਵੀ ਕੀਤਾ ਕਿ ਜਾਂਚ ਦੌਰਾਨ ਸੀਪੀਆਈ (ਮਾਓਵਾਦੀ) ਦੇ ਕਾਡਰਾਂ ਨਾਲ ਗੁਪਤ ਸੰਪਰਕ ਰੱਖਣ ਦੇ ਮਾਮਲੇ ’ਚ ਵੀ ਨਵਲੱਖਾ ਦਾ ਨਾਂ ਸਾਹਮਣੇ ਆਇਆ ਹੈ। ਐੱਨਆਈਏ ਨੇ ਆਪਣੀ ਚਾਰਜਸ਼ੀਟ ’ਚ ਕਿਹਾ ਹੈ ਕਿ ਤੈਲਤੁੰਬੜੇ ‘ਭੀਮਾ ਕੋਰੇਗਾਓਂ ਸ਼ੌਰਿਆ ਦਿਨ ਪ੍ਰੇਰਨਾ ਅਭਿਆਨ’ ਦੇ ਕਨਵੀਨਰਾਂ ’ਚੋਂ ਇੱਕ ਸੀ ਅਤੇ 31 ਦਸੰਬਰ 2017 ਨੂੰ ਪੁਣੇ ਦੇ ਸ਼ਨੀਵਾਰ ਵਾੜਾ ’ਚ ਮੌਜੂਦ ਸੀ ਜਿੱਥੇ ਐਲਗਾਰ ਪ੍ਰੀਸ਼ਦ ਪ੍ਰੋਗਰਾਮ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਤੈਲਤੁੰਬੜੇ ਨੇ ਹੋਰਨਾਂ ਮਾਓਵਾਦੀਆਂ ਨਾਲ ਅਹਿਮ ਭੂਮਿਕਾ ਨਿਭਾਈ ਤੇ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਉਨ੍ਹਾਂ ਤੋਂ ਫੰਡ ਪ੍ਰਾਪਤ ਕੀਤੇ।

Previous articleਸੈਨਿਕਾਂ ਨੂੰ ਬਿਨਾਂ ਬੁਲੇਟ ਪਰੂਫ ਵਾਲੇ ਵਾਹਨਾਂ ’ਚ ਭੇਜਣ ’ਤੇ ਰਾਹੁਲ ਨੇ ਸਰਕਾਰ ਨੂੰ ਘੇਰਿਆ
Next articleਵਰਵਰਾ ਰਾਓ ਦੀਆਂ ਕਵਿਤਾਵਾਂ ਪ੍ਰਕਾਸ਼ਿਤ ਕਰੇਗਾ ਪੈਂਗੁਇਨ