ਵਰਵਰਾ ਰਾਓ ਦੀਆਂ ਕਵਿਤਾਵਾਂ ਪ੍ਰਕਾਸ਼ਿਤ ਕਰੇਗਾ ਪੈਂਗੁਇਨ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮਾਂਤਰੀ ਪ੍ਰਕਾਸ਼ਕ ਪੈਂਗੁਇਨ ਰੈਂਡਮ ਹਾਊਸ ਇਨਕਲਾਬੀ ਕਵੀ ਤੇ ਨਾਗਰਿਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਵਰਵਰਾ ਰਾਓ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿਚ ਤਰਜਮਾ ਕਰ ਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰੇਗਾ। ‘ਵਰਵਰਾ ਰਾਓ: ਇੰਡੀਆ’ਜ਼ ਰੈਵੋਲਿਊਸ਼ਨਰੀ ਪੋਇਟ’ ਸਿਰਲੇਖ ਹੇਠ ਕਿਤਾਬ ਨੂੰ ਐਨ. ਵੇਣੂਗੋਪਾਲ ਤੇ ਮੀਨਾ ਕੰਡਾਸਾਮੀ ਨੇ ਸੰਪਾਦਿਤ ਕੀਤਾ ਹੈ। ਪੈਂਗੁਇਨ ਇਸ ਨੂੰ ‘ਵਿੰਟੇਜ ਇਮਪ੍ਰਿੰਟ’ ਤਹਿਤ ਅਗਲੇ ਵਰ੍ਹੇ ਪ੍ਰਕਾਸ਼ਿਤ ਕਰੇਗਾ।

ਦੱਸਣਯੋਗ ਹੈ ਕਿ ਭਾਰਤ ਦੇ ਮੋਹਰੀ ਕ੍ਰਾਂਤੀਕਾਰੀ ਕਵੀਆਂ ਵਿਚ ਸ਼ੁਮਾਰ ਰਾਓ ਜੋ ਕਿ ਇਸ ਵੇਲੇ ਐਲਗਾਰ ਪ੍ਰੀਸ਼ਦ-ਮਾਓਇਸਟ ਲਿੰਕ ਕੇਸ ਵਿਚ ਜੇਲ੍ਹ ’ਚ ਹਨ, ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਖ਼ੁਦ ਕਿਤਾਬ ਲਈ ‘ਕੁਝ ਕਵਿਤਾਵਾਂ ਚੁਣੀਆਂ ਸਨ।’ ਕਿਤਾਬ ਦੇ ਸਹਿ-ਸੰਪਾਦਕ ਤੇ ਰਾਓ ਦੇ ਭਤੀਜੇ ਵੇਣੂਗੋਪਾਲ ਨੇ ਕਿਹਾ ਕਿ ਕਈ ਚਿਰ ਪਹਿਲਾਂ ਦੇਖਿਆ ਸੁਫ਼ਨਾ ਸਾਕਾਰ ਹੋਇਆ ਹੈ। ਉਹ ਵਰਵਰਾ ਰਾਓ ਦੀਆਂ ਰਚਨਾਵਾਂ ਅੰਗਰੇਜ਼ੀ ਦੇ ਪਾਠਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ।

ਵੇਣੂਗੋਪਾਲ ਨੇ ਕਿਹਾ ‘ਮੈਂ ਨੇੜਿਓਂ ਇਨ੍ਹਾਂ ਕਵਿਤਾਵਾਂ ਨੂੰ ਲਿਖਦਿਆਂ ਰਾਓ ਨੂੰ ਦੇਖਿਆ ਹੈ, ਮੈਂ ਮੰਨਦਾ ਹਾਂ ਕਿ ਵਰਵਰਾ ਰਾਓ ਦੀਆਂ ਕਾਵਿ ਰਚਨਾਵਾਂ ਵਿਚੋਂ ਉਨ੍ਹਾਂ ਦੀ ਸੰਪੂਰਨ ਸ਼ਖ਼ਸੀਅਤ ਝਲਕਦੀ ਹੈ। ਸਮਾਜੀ ਇਤਿਹਾਸ, ਰਾਜਨੀਤਕ ਬਦਲ, ਖ਼ੁਦ ਫ਼ੈਸਲੇ ਲੈਣ ਦਾ ਹੱਕ ਤੇ ਆਜ਼ਾਦੀ ਲਈ ਅਟੁੱਟ ਤਾਂਘ ਇਸ ’ਚ ਸਮੋਏ ਹੋਏ ਹਨ।’ ਰਾਓ (79) 13 ਕਾਵਿ ਸੰਗ੍ਰਹਿ ਤੇ 16 ਕਿਤਾਬਾਂ ਵਾਰਤਕ ਦੀਆਂ ਰਚ ਚੁੱਕੇ ਹਨ।

ਪੈਂਗੁਇਨ ਰੈਂਡਮ ਹਾਊਸ ਦੀ ਕਾਰਜਕਾਰੀ ਸੰਪਾਦਕ ਐਲਿਜ਼ਾਬੈੱਥ ਕੁਰੂਵਿਲਾ ਨੇ ਵੀ ਰਚਨਾਕਾਰ ਵਜੋਂ ਵਰਵਰਾ ਰਾਓ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇ ਹਨ। ਉਨ੍ਹਾਂ ਕਿਹਾ ਕਿ ਲੇਖਕ ਆਸ਼ਾਵਾਦੀ ਸੋਚ ਰੱਖਦੇ ਹਨ, ਧੀਰਜ ਤੇ ਦ੍ਰਿੜ੍ਹਤਾ ਦੀ ਮਿਸਾਲ ਹਨ। ਰਾਓ 2018 ਦੇ ਅਖ਼ੀਰ ਤੋਂ ਜੇਲ੍ਹ ਵਿਚ ਹਨ।

Previous articleਅਮਰੀਕਾ ’ਚ ਆਈਐੱਸਆਈ ਏਜੰਟਾਂ ਨੂੰ ਮਿਲਿਆ ਸੀ ਨਵਲੱਖਾ: ਐੱਨਆਈਏ
Next articleਮੰਗਾਂ ਮੰਨੇ ਜਾਣ ’ਤੇ ਪੁਜਾਰੀ ਦਾ ਸਸਕਾਰ