ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਅੱਜ ਇੱਥੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਦੇ ਨਾਲ ਹੀ ਭਾਰਤ ਲਈ ਪੰਜਵਾਂ ਓਲੰਪਿਕ ਕੋਟਾ ਹਾਸਲ ਕਰ ਲਿਆ। ਭਾਰਤ ਦੇ ਦਿਵਿਆਂਸ਼ ਨੇ ਕੱਲ੍ਹ 0.4 ਅੰਕਾਂ ਨਾਲ ਪੱਛੜ ਕੇ ਚਾਂਦੀ ਦੇ ਤਗ਼ਮੇ ਨਾਲ ਚੌਥਾ ਓਲੰਪਿਕ ਕੋਟਾ ਹਾਸਲ ਕੀਤਾ ਸੀ।
ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹਿਲੀ ਵਾਰ ਭਾਰਤ ਦੀ ਅਗਵਾਈ ਕਰ ਰਿਹਾ ਵਰਮਾ 242.7 ਦੇ ਸਕੋਰ ਨਾਲ ਚੋਟੀ ’ਤੇ ਰਿਹਾ। ਅੱਠ ਖਿਡਾਰੀਆਂ ਦੇ ਫਾਈਨਲ ਵਿੱਚ ਰੂਸ ਦੇ ਆਰਤੇਮ ਚੇਰਨੋਊਸੋਵ ਨੂੰ 240.4 ਅੰਕ ਨਾਲ ਚਾਂਦੀ ਦਾ ਤਗ਼ਮਾ ਮਿਲਿਆ, ਜਦਕਿ ਕੋਰੀਆ ਦੇ ਸੇਯੁਨੰਗਵੂ ਹਾਨ ਨੂੰ 220.0 ਅੰਕਾਂ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਇਸ ਤੋਂ ਪਹਿਲਾਂ ਅੰਜੁਮ ਮੌਦਗਿਲ ਅਤੇ ਅਪੂਰਵੀ ਚੰਦੇਲਾ (10 ਮੀਟਰ ਏਅਰ ਰਾਈਫਲ ਮਹਿਲਾ), ਸੌਰਭ ਚੌਧਰੀ (10 ਮੀਟਰ ਏਅਰ ਪਿਸਟਲ ਪੁਰਸ਼) ਅਤੇ ਰਾਜਸਥਾਨ ਦਾ 17 ਸਾਲਾ ਨੌਜਵਾਨ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ 2020 ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੇ ਹਨ। ਵਰਮਾ ਨੇ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ, ਪਰ ਉਹ ਘਰੇਲੂ ਟੂਰਨਾਮੈਂਟ ਦੇ ਫਾਈਨਲ ਵਿੱਚ ਕੁਆਲੀਫਾਈ ਨਹੀਂ ਕਰ ਸਕਿਆ ਸੀ। ਹਾਲਾਂਕਿ ਸੌਰਭ ਚੌਧਰੀ ਨੇ ਨਵੀਂ ਦਿੱਲੀ ਵਿੱਚ ਹੋਏ ਆਈਐਸਐਸਐਫ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲਾ ਜਿੱਤ ਕੇ ਭਾਰਤ ਲਈ ਪਹਿਲਾ ਓਲੰਪਿਕ ਕੋਟਾ ਹਾਸਲ ਕੀਤਾ ਸੀ। ਚੀਨ ਦੀ ਰਾਜਧਾਨੀ ਵਿੱਚ ਵਰਮਾ ਨੇ ਅੱਜ 585 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ। ਵਰਮਾ ਫਾਈਨਲ ਵਿੱਚ ਪਹੁੰਚਣ ਵਾਲਾ ਇੱਕਲੌਤਾ ਭਾਰਤੀ ਰਿਹਾ। ਇਸ ਮੁਕਾਬਲੇ ਵਿੱਚ ਸ਼ਹਿਜ਼ਾਰ ਰਿਜ਼ਵੀ ਅਤੇ ਅਰਜਨ ਸਿੰਘ ਕ੍ਰਮਵਾਰ 32ਵੇਂ ਅਤੇ 54ਵੇਂ ਸਥਾਨ ’ਤੇ ਰਹੇ।
Sports ਅਭਿਸ਼ੇਕ ਨੇ ਸੋਨਾ ਜਿੱਤ ਕੇ ਓਲੰਪਿਕ ਟਿਕਟ ਕਟਾਈ