ਸਿੱਖ ਅਮਨਪਸੰਦ ਤੇ ਦੂਜਿਆਂ ਦੀ ਮਦਦ ਕਰਨ ਵਾਲੀ ਕੌਮ
ਲੰਡਨ -(ਰਾਜਵੀਰ ਸਮਰਾ ) ਬਰਤਾਨੀਆ ਦੇ ਪ੍ਰਸਿੱਧ ਕਬੱਡੀ ਤੇ ਸੱਭਿਆਚਾਰਕ ਪ੍ਰਮੋਟਰ ਜਸਕਰਨ ਸਿੰਘ ਜੋਹਲ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਚ ਗੁਰਦੁਆਰਾ ਹਰਿ ਰਾਏ ਸਾਹਿਬ ਵਿਖੇ ਕੀਤੇ ਗਏ ਕਾਇਰਤਾਪੂਰਨ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਿੱਖ ਸਰਧਾਲੂਆਂ ਤੇ ਜਖਮੀਆਂ ਦੇ ਪਰਿਵਾਰਾਂ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਖ਼ਦਸ਼ਾ ਜਾਹਰ ਕੀਤਾ ਕਿ ਅਫਗਾਨਿਸਤਾਨ ਚ ਲਗਾਤਾਰ ਕੀਤੇ ਜਾ ਰਹੇ ਘੱਟ ਗਿਣਤੀਆਂ ਦੇ ਨਾਗਰਿਕਾਂ ਉੱਪਰ ਹਮਲੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਬਰਬਾਦ ਕਰਨਾ ਕਿਸੇ ਡੂੰਘੀ ਸਾਜਿਸ ਦਾ ਹੱਥ ਹੋ ਸਕਦਾ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਕਰਨ ਸਿੰਘ ਜੋਹਲ ਨੇ ਕਿਹਾ -ਨਿਰਦੋਸ ਅਤੇ ਸ਼ਰਧਾਲੂ ਸਿੱਖਾਂ ਉਤੇ ਕੀਤਾ ਗਿਆ ਇਹ ਘਿਨੌਣਾ ਹਮਲਾ ਜਿਸ ਵਿਚ 27 ਸਿੱਖ ਮਾਰੇ ਗਏ ਹਨ ਮਨੁੱਖਤਾ ਦੇ ਚਹਿਰੇ ਉਤੇ ਇੱਕ ਧੱਬਾ ਹੈ | ਇਸ ਅਣਮਨੁੱਖੀ ਕਾਰੇ ਨੇ ਸਾਰੇ ਸਿੱਖ ਜਗਤ ਅਤੇ ਪੂਰੀ ਮਨੁੱਖਤਾ ਨੂੰ ਦੁੱਖ ਅਤੇ ਗੁੱਸੇ ਨਾਲ ਭਰ ਦਿੱਤਾ ਹੈ | ਉਨ੍ਹਾਂ ਅਫਗਾਨਿਸਤਾਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਹਮਲੇ ਦੇ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਅਤੇ ਸਰਕਾਰ ਅਫਗਾਨਿਸਤਾਨ ਅੰਦਰ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਚੁੱਕਣ |