ਅਨੋਖੇ ਵੇਚਦਾਰ।

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਚੰਦ ਛਿੱਲੜਾਂ ਦੇ ਬਦਲੇ,
ਜ਼ਮੀਰ ਕੋਈ ਵੇਚੇ,
ਜਿੱਥੇ, ਜਿਵੇਂ ਲੋਟ ਲੱਗੇ,
ਲਾ ਕੇ ਦਾਅ ਵੇਚਦਾ।
ਕੋਈ ‘ਸ਼ਗਨਾਂ’ ਦੇ ਨਾਂ ਤੇ,
ਲਾ ਕੇ ਪੁੱਤ ਦੀ ਨੁਮਾਇਸ਼,
ਰੱਖੇ ਪਰਦਾ ਨਾ ਉਹਲਾ,
ਬੋਲੀ ਲਾ ਵੇਚਦਾ।
ਕਿਤੇ ਭੇਖ ਜਿਹਾ ਬਣਾਕੇ ਕੋਈ,
‘ਬਨਾਰਸ ਕਾ ਠੱਗ’,
ਵਰ, ਸੁੱਖ, ਅਰਦਾਸ ਜਾਂ,
ਦੁਆ ਵੇਚਦਾ।
ਕੋਈ ਵਖਰੇ ਨਿਸ਼ਾਨਾ ‘ਤੇ,
ਇਮਾਰਤਾਂ ਦੇ ਪੱਜ,
ਅੱਲਾ, ਗੋਡ, ਭਗਵਾਨ ਜਾਂ,
ਖੁਦਾ ਵੇਚਦਾ।
ਕੋਈ ‘ਯੋਗੇ’ ਉੱਤੇ ਚਾੜ੍ਹ ਕੇ ਜੀ,
ਭਾਸ਼ਣਾ ਦੀ ਪਾਣ੍ਹ,
ਸੀ.ਡੀ, ਕੈਸਟਾਂ, ਰਸਾਲੇ ‘ਤੇ,
ਦਵਾ ਵੇਚਦਾ।
ਕੋਈ ਲੋਕਾਂ ਦਾ ਨੁਮਾਇੰਦਾ,
ਫੇਰ ਆਸਾਂ  ਉੱਤੇ ਪਾਣੀ,
ਸ਼ਾਮਲਾਟਾਂ, ਨਾਲੀ, ਨਾਲੇ,
ਸਾਂਝੇ ਰਾਹ ਵੇਚਦਾ।
ਕੋਈ “ਬ੍ਹਾਈਉ ਔਰ ਬ੍ਹੈਨੋ” ਆਖ,
ਕੁੰਡਾ ਕਰ ਜਾਵੇ,
ਹਮਦਰਦੀ ਖਰੀਦੇ ਕਹਿਕੇ,
“ਚਾਹ ਵੇਚਦਾ।”
ਕਿਤੇ ਜਿਸਮਾਂ ਦੇ ਰੂਪ ਵਿੱਚ,
ਵਿਕੇ ਮਜ਼ਬੂਰੀ,
ਵੇਚਦਾਰ ਝੂਠੇ ਨਖ਼ਰੇ,
ਅਦਾ’ ਵੇਚਦਾ।
ਐਸਾ ਪੈ ਗਿਆ ‘ਘੜਾਮੇਂ’,
ਖਰੀ-ਖੋਟੀਆਂ ਦਾ ਝੱਸ।
‘ਰੋਮੀ’ ਲਾਈਨਾਂ ‘ਚ ਪਰੋ ਕੇ ਹੈ,
ਸ਼ੁਦਾਅ ਵੇਚਦਾ।
ਕੋਈ ਵੇਚੇ ਇੱਟਾਂ-ਗਾਰੇ ਵਿੱਚ,
ਘੋਲ਼ ਕੇ ਪਸੀਨਾ,
ਕੋਈ ਭਰ ਕੇ ਗੁਬਾਰਿਆਂ ‘ਚ,
ਸਾਂਹ ਵੇਚਦਾ।
ਕੋਈ ਭਰ ਕੇ ਗੁਬਾਰਿਆਂ ‘ਚ,
ਸਾਂਹ ਵੇਚਦਾ।
         ਰੋਮੀ ਘੜਾਮੇਂ ਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਹਿਸ਼ਤ ਮਚਾ ਰੱਖੀ ਹੈ
Next articleਜੀ ਆਇਆ ਨੂੰ