ਅਧੂਰਾ ਸਫ਼ਰ : ਬਿੰਦਰ ਕੋਲੀਆਂ ਵਾਲ

ਬਿੰਦਰ ਕੋਲੀਆਂ ਵਾਲ ਇਟਲੀ ਵਿਚ ਰਹਿੰਦਾ, ਇੱਕ ਪ੍ਰਵਾਸੀ ਲੇਖਕ ਹੈ ਜਿਸ ਨੇ ਪੰਜਾਬੀ ਸਾਹਿਤ ਦੀ ਝੋਲੀ ਇਸ ਤੋਂ ਪਹਿਲਾਂ ਕਾਵਿ ਸੰਗ੍ਰਹਿ ਸੋਚ ਮੇਰੀ ਅਤੇ ਨਾਵਲ “ਅਣਪਛਾਤੇ ਰਾਹਾਂ ਦੇ ਪਾਂਧੀ”, “ਲਾਲ ਪਾਣੀ ਛੱਪੜਾਂ ਦੇ” ਅਤੇ ਸਾਂਝੀਆਂ ਪੈੜਾਂ, ਕਾਵਿ-ਸੁਨੇਹਾ, ਕਾਰਵਾਂ ਤੇ ਸਾਂਝੀਆਂ ਸੁਰਾਂ (ਸਾਂਝਾ ਕਾਵਿ ਸੰਗ੍ਰਹਿ) ਪਾਏ ਹਨ।

ਇਟਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਅਧੂਰਾ ਸਫ਼ਰ ਕਾਵਿ ਸੰਗ੍ਰਹਿ ਉਸਦੇ ਗੀਤਾਂ ਤੇ ਗ਼ਜ਼ਲਾਂ ਦੀ ਨਵੀਂ ਕਿਤਾਬ ਹੈ, ਜਿਸ ਵਿਚ ਤਕਰੀਬਨ 75 ਕੁ ਗ਼ਜ਼ਲਾਂ ਵਰਗਾ kujh ਤੇ 10 ਦੇ ਕਰੀਬ ਗੀਤ ਤੇ ਕੁੱਝ ਕੁ ਸ਼ੇਅਰ ਹਨ। ਉਹ ਭੂਮਿਕਾ ਵਿੱਚ ਹੀ ਸਪੱਸ਼ਟ ਕਰਦਾ ਕਹਿੰਦਾ ਹੈ ਕਿ ਇਸ ਕਿਤਾਬ ਚ ਬਹੁਤ ਕੁੱਝ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਕੁੱਝ ਕਮੈਂਟਸ, ਅਪਣੇ ਦਿਲ ਦੀਆਂ ਗੱਲਾਂ, ਕੁੱਝ ਸਮਾਜ ਦੀਆਂ ਚੰਗਿਆਈਆਂ, ਬੁਰਾਈਆਂ ਤੇ ਕੁੱਝ ਦੁਨੀਆਦਾਰੀ ਦੀਆਂ ਗੱਲਾਂ ।

ਹਰ ਤਰਾਂ ਦੀਆਂ ਅਧੂਰੀਆਂ ਰਚਨਾਵਾਂ ਲਿਖ ਕੇ ਅਧੂਰੇ ਸਫ਼ਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਉਸਦੀ ਗ਼ਜ਼ਲ ਦੇ ਸ਼ੇਅਰ ਨੂੰ ਉਸਦੀ ਆਪਣੀ ਕਹੀ ਗੱਲ ਦੀ ਪ੍ਰੋੜਤਾ ਵਿਚ ਪੇਸ਼ ਕਰਾਂ ਤਾਂ ਜਿਆਦਾ ਚੰਗਾ ਰਹੇਗਾ। “ਸ਼ਾਇਰ ਚੁਣ ਚੁਣ ਅੱਖਰ ਰਚਨਾਵਾਂ ਲਿਖਦਾ, ਜਿਸ ਚੋਂ ਦਿੱਸੇ ਸਮਾਜ ਦਾ ਚੇਹਰਾ।”

ਸਮਾਜਿਕ ਸਰੋਕਾਰਾਂ ਨਾਲ ਸੰਬੰਧ ਰੱਖਣ ਵਾਲੀਆਂ ਉਸ ਦੀਆਂ ਗਜ਼ਲਾਂ ਵਰਗੀਆਂ ਰਚਨਾਵਾਂ ਜਿਵੇਂ “ਕਲਮ ਦੀਆਂ ਤਲਵਾਰਾਂ” ਵਿੱਚ ਭ੍ਰਿਸ਼ਟਾਚਾਰ, ਨਸ਼ੇ ਤੇ ਬਿਜਲੀ ਦੀਆਂ ਸਮੱਸਿਆਵਾਂ, “ਕਿਸਾਨ” ਵਿੱਚ ਮੰਡੀ ਹੱਥੋਂ ਸਤਾਏ ਕਿਸਾਨਾਂ ਦੀ ਫਾਹੇ ਲੈਣ ਦੀ ਗੱਲ, “ਖੋਲ ਪਟਾਰੀ”, ਵਿਚ ਲੱਚਰ ਗੀਤਾਂ ਤੇ ਨਸ਼ਿਆਂ ਨਾਲ ਜੂਝ ਰਹੀ ਪੰਜਾਬ ਦੀ ਜਵਾਨੀ ਦੀ ਗੱਲ ਜਿਵੇਂ “ਤੁਸੀਂ ਲੱਚਰ ਗੀਤ ਆਪੇ ਹੀ ਸੁਣਨੋ ਹਟ ਜਾਓ” “ਚੁੱਭਿਆ ਕੱਚ” ਵਿੱਚ ਫੇਰ ਕਿਸਾਨਾਂ ਦੀ ਆਤਮ ਹੱਤਿਆ ਦੀ ਗੱਲ, “ਠੇਕਾ ਛੇ ਵਜੇ” ਵਿੱਚ ਫੇਰ ਨਸ਼ੇ ਦੀ ਗੱਲ, “ਨਿੱਤ ਜਵਾਨੀ ਦੇ ਖੂਨ ਵਿੱਚ ਕਿਵੇਂ ਜ਼ਹਿਰ ਘੁਲਦਾ ਏ”, “ਦਸਤੂਰ” ਵਿੱਚ ਜਾਤਾਂ ਪਾਤਾਂ ਤੇ ਵੰਡੀਆਂ ਦੀ ਗੱਲ, “ਦਾਜ” ਵਿੱਚ ਪੁਰਾਣੀ ਲਾਹਨਤ ਦਾਜ ਦੀ ਗੱਲ ਜਿਵੇਂ “ਲਾਹਨਤ ਹੈ ਚਲਾਈ ਇਸ ਦਾਜ ਚੰਦਰੇ ਦੀ ਰੀਤ ਨੂੰ”, “ਧੀਆਂ” ਵਿੱਚ ਧੀਆਂ ਦੀ ਮਹੱਤਤਾ ਬਾਰੇ ਜਿਵੇਂ “ਮਾਂ ਬਾਪ ਦੇ ਸਦਾ ਹੀ ਦਰਦ ਵੰਡਾਉਂਦੀਆਂ ਨੇ ਧੀਆਂ”, ਪੰਜਾਬੀ ਰਚਨਾ ਵਿੱਚ ਮਾਂ ਬੋਲੀ ਨਾਲ ਪਿਆਰ ਦੀ ਗੱਲ ਜਿਵੇਂ _ “ਤੁਸੀਂ ਵਾਰਿਸ ਹੋ ਪੰਜਾਬੀ ਮਾਂ ਬੋਲੀ ਦੇ” “ਪ੍ਰਦੇਸੀ” ਰਚਨਾ ਵਿੱਚ ਪਰਦੇਸ ਜਾਣ ਵੇਲੇ ਦਾ ਦੁੱਖ” ਸੁੱਖ-ਦੁੱਖ ਵਿੱਚ ਨਹੀਂ ਹੋਣੇ ਹੋਏ ਸ਼ਰੀਕ ਕਦੇ”, ਪਿੰਡ ਨੂੰ ਜਾਵਾਂ ਵਿਚ ਪਿੰਡ ਛੱਡਣ ਦਾ ਹੇਰਵਾ, “ਬਾਪੂ” ਰਚਨਾ ਵਿਚ ਬਾਪੂ ਦੀ ਅਣਹੋਂਦ ਤੇ ਉਸਦੀ ਅਣਹੋਂਦ ਤੋਂ ਉਪਜੀ ਤ੍ਰਾਸਦੀ “ਸ਼ਰੀਕ ਸਾਡੇ ਸਿਰ ਤੇ ਨਾ ਦੇਖ ਸਾਇਆ ਬਾਪੂ ਦਾ”।

ਮਮਤਾ ਦੀ ਮਾਵਾਂ ਵਿਚ ਮਾਂ ਦੇ ਪਿਆਰ ਦੀ ਮਹਾਨਤਾ, ਰਿਸ਼ਤੇ ਰਚਨਾ ਵਿਚ ਅੱਜ ਦੇ ਉਪਭੋਗੀ ਸਮਾਜ ਵਿੱਚ ਇਹਨਾਂ ਦੀ ਘਾਟ ਰਹਿ ਅਹਿਮੀਅਤ ਜਿਵੇਂ — ਪਹਿਲਾਂ ਵਾਂਗੂੰ ਦਾਦੀ ਨਾਨੀ ਦਾ ਨਹੀਂ ਰਿਹਾ ਰਿਸ਼ਤਾ” ਆਦਿ ਵਿਚ ਸਾਨੂੰ ਸਮਾਜਿਕ ਚੇਤਨਾ ਦੀ ਝਲਕ ਦਿਖਾਈ ਦਿੰਦੀ ਹੈ । ਹੇਠਲੇ ਪੱਧਰ ਉੱਪਰ ਇਹਨਾਂ ਸਮੱਸਿਆਵਾਂ ਦੀ ਸਮਝ ਨੇ ਕਾਵਿ ਦੀਆਂ ਭਾਵਨਾਵਾਂ ਵਿਚ ਡੂੰਘਾਈ ਤੇ ਦਿਲ ਵਿੱਚ ਲਹਿ ਜਾਣ ਵਾਲੀ ਠੇਸ ਪਹੁੰਚਾਈ ਹੈ । ਕਵੀ ਇਹਨਾਂ ਸਮੱਸਿਆਵਾਂ ਪਿੱਛੇ ਕਾਰਜਰਤ ਪ੍ਰਬੰਧ ਨੂੰ ਨਹੀਂ ਸਮਝਦਾ ਜਿਸ ਕਾਰਨ ਇਹ ਪੈਦਾ ਹੋ ਰਹੀਆਂ ਹਨ ।
ਨਿੱਜੀ ਅਨੁਭਵ ਦੀਆਂ ਕਵਿਤਾਵਾਂ ਵਿੱਚ ਪਿਆਰ ਵਿੱਛੜਨਾ, ਬਿਰਹਾ, ਧੋਖਾ,ਰਿਸ਼ਤਿਆਂ ਵਿਚਲੇ ਤਨਾਉ ਅਤੇ ਮਾਨਸਿਕ ਵਿਸਾਦ ਨੂੰ ਦੇਖਿਆ ਜਾ ਸਕਦਾ ਹੈ।

ਕਿਤਾਬ ਦੀ ਸ਼ੁਰੂਆਤ ਵਿਚ “ਉਡੀਕਾਂ” ਵਿੱਚ “ਤੂੰ ਰਹਿ ਗਿਆ ਓਹਨਾਂ ਨੂੰ ਯਾਦ ਕਰਨ ਜੋਗਾ”, “ਅਰਜ਼ਾਂ” ਵਿੱਚ “ਪਿਆਰੇ ਅੱਗੇ ਫਰਿਆਦ ਦੀ ਗੱਲ ਕੀਤੀ ਨਾ ਕਦਰ ਉਸਨੇ ਪਾਈ ਸਾਡੀਆਂ ਅਰਜ਼ਾਂ ਦੀ”, ਅਰਮਾਨਾਂ ਨੂੰ ਵਿੱਚ “ਅੱਜ ਲਿਖ ਕੇ ਦਰਦ ਅਪਣੇ ਦਿਲ ਦੇ ਮੈ”, “ਅਲਵਿਦਾ ਵਿੱਚ “ਜਿਨ੍ਹਾਂ ਲਈ ਤੂੰ ਦਿਨ ਰਾਤ ਮਰਦਾ ਰਹਿਣਾ”, ਸੌਗਾਤ ਵਿੱਚ “ਸਾਨੂੰ ਭਰੀ ਜਵਾਨੀ ਵਿਚ ਛੱਡ ਕੇ ਤੂੰ ਤੁਰ ਗਿਆ”, ਖੁਸ਼ੀਆਂ ਵਿੱਚ “ਕਿ ਕਦੇ ਕੋਈ ਏਨਾ ਪਿਆਰ ਮੈਨੂੰ ਦੇਉ ਰਤਾ”। ਜਖ਼ਮਾਂ ਵਿੱਚ “ਅਪਣੇ ਦਿਲਾਂ ਵਿੱਚ ਜਿਹੜਾ ਪਿਆਰ ਏਨਾ ਸੀ। ਡਰ ਵਿੱਚ ਪਿਆਰੇ ਦੇ ਦਰਦ ਵਿੱਚ “ਐਵੇਂ ਸੱਜਣਾ ਛੇੜਿਆ ਨ ਕਰ ਅਸੀਂ ਗ਼ਮਾਂ ਦੇ ਨਾਲ”, ਦਾਗ਼ ਇਸ਼ਕ ਨੂੰ “ਕਿਉਂ ਏਨੀ ਬੇਰੁਖੀ ਨਾਲ ਸਾਨੂੰ ਤੂੰ ਠੁਕਰਾਉਣਾ ਸੀ”, ਦੁਸ਼ਮਣ, ਧੜਕਣ, ਬਿਰਹੋਂ ਆਦਿ ਗ਼ਜ਼ਲਾਂ ਵਰਗੀ ਲਿਖੀ ਸਿਨਫ਼ ਵਿਚ ਉਪਰੋਕਤ ਗੱਲਾਂ ਦਾ ਮੁਜਾਹਰਾ ਕੀਤਾ ਮਿਲਦਾ ਹੈ ।

ਅਸਲ ਵਿਚ ਇਹ ਭਾਵ ਬੜੇ ਸੌਖੇ ਤੇ ਸਰਲ ਸ਼ਬਦਾਂ ਰਾਹੀਂ ਪ੍ਰਗਟਾਏ ਗਏ ਹਨ ਤੇ ਕਿਸੇ ਨਵੇਂ ਇਸ਼ਕ ਵਲੋਂ ਫੰਡੇ ਆਸ਼ਿਕਾਂ ਨੂੰ ਪਹਿਲੀ ਨਜ਼ਰੇ ਚੰਗੇ ਲੱਗਦੇ ਨਜ਼ਰ ਆ ਸਕਦੇ ਹਨ। ਸਮਾਜਿਕ ਸਰੋਕਾਰ ਤੇ ਨਿੱਜੀ ਅਨੁਭਵ ਚਾਹੇ ਉਹ ਦੋਸਤਾਂ ਬਾਰੇ ਜ਼ਿੰਦਗੀ ਬਾਰੇ ਹਨ ਉਹਨਾਂ ਵਿੱਚ ਨਵਾਂਪਣ ਨਹੀਂ ਹੈ। ਗੀਤਾਂ ਦੇ ਨਾਂ ਤੋਂ ਹੀ ਜ਼ਾਹਿਰ ਹੈ ਕਿ ਜਿਵੇਂ ਸੱਭਿਆਚਾਰ ,ਖਾਲੀ ਪਏ ਆਲ੍ਹਣੇ, ਦੁੱਖਾਂ ਦੀ ਕਹਾਣੀ, ਵਤਨੋਂ ਦੂਰ ,ਅਸੀਂ ਪੰਜ ਪਾਣੀ ਆਦਿ ਪੰਜਾਬ ਦੀ ਧਰਤੀ ਤੋਂ ਦੂਰ ਇਟਲੀ ਬੈਠੀਆਂ ਉਸਦੇ ਹੇਰਵੇ ਦੇ ਗੀਤ ਹਨ। ਗੱਲ ਸਹੀ ਹੈ ਜਦੋਂ ਬੰਦਾ ਦੂਰ ਹੁੰਦਾ ਹੈ ਉਸਨੂੰ ਅਪਣਾ ਪਿੱਛਾ ਚੇਤੇ ਆਉਂਦਾ ਹੈ ਪਰ ਕੀ ਭੂਤ ਨਾਲੋਂ ਵਰਤਮਾਨ ਦੇ ਮਸਲੇ ਜਿਆਦਾ ਮਹੱਤਵ ਨਹੀਂ ਰੱਖਦੇ ।

ਜੇਕਰ ਬਿੰਦਰ ਕੋਲੀਆਂ ਵਾਲੀ ਇਟਲੀ ਦੇ ਵਿੱਚ ਰਹਿੰਦਿਆਂ ਕੁੱਝ ਉੱਥੋਂ ਦੇ ਦਰਪੇਸ਼ ਮਸਲਿਆਂ ਨੂੰ ਸਾਡੇ ਸਾਹਮਣੇ ਰੱਖਦਾ। ਦੂਸਰਾ ਇਹ ਕਿ ਗ਼ਜ਼ਲ ਵਰਗੀ ਸਿਨਫ਼ ਉਪਰ ਹੱਥ ਅਜਮਾਈ ਕਰਨ ਤੋਂ ਪਹਿਲਾਂ ਜੇਕਰ ਇਸਦੇ ਵਜਨ, ਬਹਿਰ, ਤੋਲ ਤੁਕਾਂਤ , ਕਾਫ਼ੀਆ, ਰਦੀਫ਼ ਨੂੰ ਸਮਝ ਲੈਂਦਾ ਤਾਂ ਇਹ ਜਿਆਦਾ ਕਾਰਗਰ ਸਾਬਤ ਹੋ ਸਕਦਾ ਸੀ। ਆਸ ਰੱਖਦਾ ਹਾਂ ਕਿ ਆਪਣੀ ਨਵੀਂ ਕਿਤਾਬ ਵਿਚ ਉਹ ਇਸਦਾ ਜਰੂਰ ਧਿਆਨ ਦੇਣਗੇ।

ਡਾ.ਅਨੁਰਾਗ ਸ਼ਰਮਾ

Previous articleਹਿੰਮਤ
Next articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ jio ਦੇ ਟਾਵਰ ਦਾ ਕੱਟਿਆ ਕੁਨੈਕਸ਼ਨ