ਸੂਬਾ ਸਰਕਾਰ ਤੋਂ ਅਧਿਆਪਕਾਂ ਦੀਆਂ ਅਹਿਮ ਮੰਗਾਂ ਮਨਵਾਉਣ ਲਈ 5178 ਮਾਸਟਰ ਕਾਡਰ ਯੂਨੀਅਨ ਦੇ ਸੱਦੇ ’ਤੇ ਅੱਜ ਲੁਧਿਆਣਾ ਇਕਾਈ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਗਟਾਉਂਦਿਆਂ ਅਧਿਆਪਕ ਦਿਵਸ ਨੂੰ ‘ਕਾਲਾ ਅਧਿਆਪਕ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ। ਰੋਸ ਵਜੋਂ ਕਈ ਅਧਿਆਪਕਾਂ ਨੇ ਕਾਲੇ ਚੋਲ੍ਹੇ ਵੀ ਪਾਏ ਹੋਏ ਸਨ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦੀਪ ਰਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ 5178 ਅਧਿਆਪਕ ਮਾਰੂ ਨੀਤੀਆਂ ਕਰਕੇ ਹੀ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ‘ਅਧਿਆਪਕ ਦਿਵਸ’ ਨੂੰ ‘ਕਾਲਾ ਅਧਿਆਪਕ ਦਿਵਸ’ ਵਜੋਂ ਮਨਾਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ 5178 ਅਧਿਆਪਕ ਪੂਰੀ ਤਨਖਾਹ ਤੇ ਰੈਗੂਲਰ ਦੇ ਆਰਡਰ ਜਾਰੀ ਹੋਣ ਤੱਕ ਅੱਜ ਤੋਂ ਹਰ ਤਰ੍ਹਾਂ ਦੀ ਵਿਭਾਗੀ ਡਿਊਟੀ ਕਾਲੇ ਬਿੱਲੇ ਲਗਾ ਕੇ ਦੇਣਗੇ। ਅਧਿਆਪਕ ਆਗੂ ਨੇ ਕਿਹਾ ਕਿ 5 ਸਤੰਬਰ ਦਾ ਦਿਹਾੜਾ ਜਿੱਥੇ ਦੇਸ਼ ਵਾਸੀਆਂ ਨੂੰ ਅਧਿਆਪਕ ਦੇ ਸਨਮਾਨ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਦਿੰਦਾ ਹੈ, ਉੱਥੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ 5178 ਅਧਿਆਪਕਾਂ ਤੇ ਜੁਲਮ ਦੀ ਹੱਦ ਕਰ ਦਿੱਤੀ ਹੈ। ਜ਼ਿਲ੍ਹਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਕੈਂਥ ਨੇ ਦੱਸਿਆ ਕਿ ਨਿਯੁਕਤੀ ਪੱਤਰ ਵਿੱਚ ਦਰਜ ਸ਼ਰਤਾਂ ਅਨੁਸਾਰ ਇਨਾਂ ਅਧਿਆਪਕਾਂ ਨੂੰ ਠੇਕਾ ਅਧਾਰਿਤ ਤਿੰਨ ਸਾਲ ਦੀ ਸੇਵਾ ਨਵੰਬਰ 2017 ਵਿੱਚ ਪੂਰੀ ਹੋਣ ’ਤੇ ਪੂਰੀ ਤਨਖਾਹ ਤੇ ਰੈਗੂਲਰ ਕੀਤਾ ਜਾਣਾ ਸੀ, ਪਰ ਲਗਭਗ ਨੌਂ ਮਹੀਨੇ ਬੀਤਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਦੇ ਪੂਰੀ ਤਨਖਾਹ ਤੇ ਰੈਗੂਲਰ ਨਿਯੁਕਤੀ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਰਹੇ। ਇਸ ਮੌਕੇ ਪੂਨਮ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਮੰਤਰੀਆਂ ਦੇ ਘਰਾਂ ਅੱਗੇ ਰੋਸ ਮੁਜਾਹਰੇ ਕੀਤੇ ਜਾਣਗੇ। ਮੁਜ਼ਾਹਰੇ ਨੂੰ ਹਮਾਇਤ ਦੇਣ ਪਹੁੰਚੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਪੂਰੀ ਤਨਖਾਹ ਦੇ ਆਰਡਰ ਜਲਦ ਜਾਰੀ ਕਰਨ ਲਈ ਕਿਹਾ। ਇਸ ਉਪਰੰਤ ਇਨਾਂ ਅਧਿਆਪਕਾਂ ਨੇ ਕਾਲੇ ਚੋਲੇ ਪਾ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ।
ਇਸ ਮੌਕੇ ਕੁਲਭੂਸ਼ਨ, ਸੌਦੀਪ ਸਿੰਘ, ਦੀਪ ਸਾਫਟਬਾਲ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ,ਗੁਰਅਮਨਦੀਪ ਸਿੰਘ,ਅੰਮ੍ਰਿਤਪਾਲ ਸਿੰਘ,ਕੀਰਤੀ ਵਿਜਨ, ਕਰਮਜੀਤ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ, ਪਰਵੀਨ ਕੌਰ, ਸਤਵਿੰਦਰ ਕੌਰ, ਨੀਰੂ ਤੇ ਰਾਜਵਿੰਦਰ ਕੌਰ ਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
INDIA ਅਧਿਆਪਕਾਂ ਨੇ ਮਨਾਇਆ ‘ਕਾਲਾ ਅਧਿਆਪਕ ਦਿਵਸ’