ਅਤਿਵਾਦੀ ਹਮਲੇ ਵਿੱਚ ਅਸਾਮ ਰਾਈਫਲਜ਼ ਦੇ 3 ਜਵਾਨ ਸ਼ਹੀਦ

ਇੰਫਾਲ (ਸਮਾਜ ਵੀਕਲੀ) : ਮਨੀਪੁਰ ਦੇ ਚੰਦੇਲ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸ਼ੱਕੀ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਉਂਜ ਕਿਸੇ ਵੀ ਜਥੇਬੰਦੀ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਭਾਰਤੀ ਥਲ ਸੈਨਾ ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਲੰਘੀ ਸ਼ਾਮ ਕਰੀਬ 6.30 ਵਜੇ ਭਾਰਤ-ਮਿਆਂਮਾਰ ਸਰਹੱਦ ਨੇੜੇ ਚੰਦੇਲ ਦੇ ਖੌਂਗਤਾਲ ਇਲਾਕੇ ’ਚ ਅਸਾਮ ਰਾਈਫਲਜ਼ ਦੇ ਜਵਾਨ ਜਦੋਂ ਗਸ਼ਤ ’ਤੇ ਸਨ ਤਾਂ ਚਟਾਨਾਂ ਅਤੇ ਦਰੱਖਤਾਂ ਪਿੱਛੇ ਛੁਪੇ ਸ਼ੱਕੀ ਅਤਿਵਾਦੀਆਂ ਨੇ ਆਈਈਡੀ ਰਾਹੀਂ ਧਮਾਕਾ ਕਰ ਦਿੱਤਾ।

ਅਚਾਨਕ ਹੋਏ ਧਮਾਕੇ ਮਗਰੋਂ ਸੁਰੱਖਿਆ ਕਰਮੀ ਅਜੇ ਸੰਭਲੇ ਵੀ ਨਹੀਂ ਸਨ ਤਾਂ ਅਤਿਵਾਦੀਆਂ ਨੇ ਉਨ੍ਹਾਂ ’ਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਜਵਾਨਾਂ ਨੇ ਜਵਾਬ ’ਚ ਅਤਿਵਾਦੀਆਂ ’ਤੇ ਗੋਲੀਬਾਰੀ ਕੀਤੀ ਜਿਸ ਮਗਰੋਂ ਹਮਲਾਵਰ ਭੱਜਣ ’ਚ ਕਾਮਯਾਬ ਰਹੇ।

ਮ੍ਰਿਤਕਾਂ ਦੀ ਪਛਾਣ ਪ੍ਰਣਯ ਕਾਲਿਤਾ, ਰਤਨ ਸਲਾਮ ਅਤੇ ਮੇਥਨਾ ਕੋਨਿਯਾਕ ਵਜੋਂ ਹੋਈ ਹੈ ਜੋ ਮੁਲਕ ਦੀ ਸਭ ਤੋਂ ਪੁਰਾਣੇ ਨੀਮ ਫ਼ੌਜੀ ਬਲ ਚੌਥੀ ਬਟਾਲੀਅਨ ਦੇ ਜਵਾਨ ਸਨ। ਤਿੰਨੇ ਜਵਾਨਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਇੰਫਾਲ ਦੇ ਜਵਾਹਰਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਜੇਐੱਨਆਈਐੱਮਐੱਸ) ਹਸਪਤਾਲ ’ਚ ਭੇਜੀਆਂ ਗਈਆਂ ਹਨ।

ਜ਼ਖ਼ਮੀਆਂ ਨੂੰ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਫ਼ੌਜੀ ਹਸਪਤਾਲ ’ਚ ਤਬਦੀਲ ਕੀਤਾ ਗਿਆ ਹੈ। ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਇਸ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੱਤਾ। ਫੇਸਬੁੱਕ ’ਤੇ ਉਨ੍ਹਾਂ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

Previous articleCBI raids 26 places in Naval officers’ fake bills case
Next articlePlasma to be provided free of cost: Punjab CM