ਐੱਸਸੀਓ ਦੀ ਭੂਮਿਕਾ ਨੂੰ ਦੱਸਿਆ ਅਹਿਮ; ਦਹਿਸ਼ਤਗਰਦੀ ਬਾਰੇ ਕਾਨਫ਼ਰੰਸ ਕਰਵਾਉਣ ਦੀ ਤਜਵੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖ਼ਰ ਸੰਮੇਲਨ ਮੌਕੇ ਅਤਿਵਾਦ ਨੂੰ ‘ਸਰਪ੍ਰਸਤੀ, ਮਾਲੀ ਅਤੇ ਹੋਰ ਸਹਿਯੋਗ’ ਦੇਣ ਵਾਲੇ ਮੁਲਕਾਂ ਉੱਤੇ ਵਰ੍ਹਦਿਆਂ ਕਿਹਾ ਕਿ ਅਜਿਹੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਵਿਸ਼ਵ ਭਰ ਦੇ ਸਿਖ਼ਰਲੇ ਆਗੂਆਂ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨੇ ਅਸਿੱਧੇ ਤੌਰ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਨਿਸ਼ਾਨਾ ਸਾਧਿਆ ਜੋ ਕਿ ਉੱਥੇ ਮੌਜੂਦ ਸਨ। ਮੋਦੀ ਨੇ ਇਸ ਮੌਕੇ ਅਤਿਵਾਦ ਦੀ ਆਲਮੀ ਸਮੱਸਿਆ ਨਾਲ ਨਜਿੱਠਣ ਖ਼ਾਤਰ ਵਿਸ਼ਵ ਪੱਧਰੀ ਕਾਨਫ਼ਰੰਸ ਕਰਵਾਉਣ ਦੀ ਵੀ ਤਜਵੀਜ਼ ਰੱਖੀ। ਦਹਿਸ਼ਤਗਰਦੀ ਦੇ ਖ਼ਾਤਮੇ ਦੇ ਨੁਕਤੇ ਤੋਂ ਉਨ੍ਹਾਂ ਐੱਸਸੀਓ ਦੀ ਭੂਮਿਕਾ ਤੇ ਮੰਤਵਾਂ ਨੂੰ ਵੀ ਆਪਣੇ ਭਾਸ਼ਨ ਦੌਰਾਨ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤਿਵਾਦ-ਮੁਕਤ ਸਮਾਜ ਦਾ ਹਾਮੀ ਹੈ। ਭਾਰਤ ਤੋਂ ਇਲਾਵਾ ਐੱਸਸੀਓ ਦੇ ਬਾਕੀ ਮੈਂਬਰਾਂ ਨੇ ਵੀ ਸੰਮੇਲਨ ਮੌਕੇ ਅਤਿਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਤੇ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ। ਸੰਗਠਨ ਵੱਲੋਂ ਜਾਰੀ ਕੀਤੇ ਗਏ ਇਕਰਾਰਨਾਮੇ ਵਿਚ ਕਿਹਾ ਗਿਆ ਕਿ ਅਤਿਵਾਦ ਤੇ ਕੱਟੜਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮੋਦੀ ਨੇ ਇਸ ਮੌਕੇ ਕਿਹਾ ਕਿ ਇਸ ਸਮੱਸਿਆ ਦੇ ਨਿਬੇੜੇ ਲਈ ਇਕਜੁੱਟ ਹੋਣਾ ਪਵੇਗਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਵੀ ਇਸ ਮੌਕੇ ਹਾਜ਼ਰ ਸਨ। ਮੋਦੀ ਨੇ ਕਿਹਾ ਕਿ ਐੱਸਸੀਓ ਮੈਂਬਰ ਮੁਲਕਾਂ ਨੂੰ ਅਤਿਵਾਦ ਵਿਰੋਧੀ ਖੇਤਰੀ ਢਾਂਚੇ (ਆਰਏਟੀਐੱਸ) ਰਾਹੀਂ ਤਾਲਮੇਲ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਹਿਤ ਤੇ ਸਭਿਆਚਾਰ ਸਾਡੇ ਸਮਾਜ ਨੂੰ ਸਕਾਰਾਤਮਕ ਸਰਗਰਮੀ ਦਾ ਮੌਕਾ ਦਿੰਦੇ ਹਨ ਤੇ ਨੌਜਵਾਨਾਂ ਦਰਮਿਆਨ ਕੱਟੜਤਾ ਦੇ ਪਸਾਰੇ ਨੂੰ ਵੀ ਇਹ ਰੋਕਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਇਸ ਮੌਕੇ ਐੱਸਸੀਓ ਮੁਲਕਾਂ ਵਿਚਾਲੇ ਵਿੱਤੀ, ਬਦਲਵੇਂ ਊਰਜਾ ਸਰੋਤਾਂ ਤੇ ਸਿਹਤ ਸੇਵਾਵਾਂ ਸਬੰਧੀ ਤਾਲਮੇਲ ਹੋਰ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਖਿੱਤੇ ਵਿਚ ਅਮਨ ਤੇ ਵਿੱਤੀ ਖੁਸ਼ਹਾਲੀ ਦਾ ਹਾਮੀ ਹੈ। ਮੋਦੀ ਨੇ ਇਨ੍ਹਾਂ ਸਾਰੇ ਨੁਕਤਿਆਂ ਨੂੰ ਸਮੇਟਦਾ ਵੱਖ-ਵੱਖ ਸ਼ਬਦਾਂ ਨਾਲ ਬਣਿਆ ਇਕ ਟੈਂਪਲੇਟ ‘ਐੱਚਈਏਐੱਲਟੀਐੱਚ’ (ਹੈਲਥ) ਵੀ ਦਿੱਤਾ। ਇਸ ਵਿਚ ਐੱਚ ਨਾਲ ਹੈਲਥਕੇਅਰ, ਈ ਨਾਲ ਇਕਨੌਮਿਕ ਕੋਆਪ੍ਰੇਸ਼ਨ, ਏ ਨਾਲ ਅਲਟਰਨੇਟ ਐਨਰਜੀ, ਐਲ ਨਾਲ ਲਿਟਰੇਚਰ ਤੇ ਕਲਚਰ, ਟੀ ਨਾਲ ਟੈਰੋਰਿਜ਼ਮ ਫਰੀ ਸੁਸਾਇਟੀ ਤੇ ਐੱਚ ਨਾਲ ਹਿਊਮਨ ਕੋਆਪ੍ਰੇਸ਼ਨ ਨੂੰ ਉਭਾਰਿਆ ਗਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ ਦਾ ਸਿੱਧੇ ਤੌਰ ਉੱਤੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਮੈਂਬਰ ਮੁਲਕਾਂ ਨੂੰ ਇਕ-ਦੂਜੇ ਦਾ ਹਿੱਤਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਪਾਰਦਰਸ਼ਤਾ ਵਰਤਣੀ ਚਾਹੀਦੀ ਹੈ।