ਅਡਾਨੀ ਭੰਡਾਰ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਡੱਕੀ

ਮੋਗਾ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਦੁਪਹਿਰੇ ਅਡਾਨੀ ਭੰਡਾਰ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਪਲਾਂਟ ਦੇ ਅੰਦਰ ਹੀ ਡੱਕ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਲੇ ਤੇ ਹੋਰ ਜ਼ਰੂਰੀ ਸਮੱਗਰੀ ਦੀ ਢੋਆ-ਢੁਆਈ ਲਈ ਜਥੇਬੰਦੀਆਂ ਮਾਲ ਗੱਡੀਆਂ ਚੱਲਣ ਦੇਣ ਲਈ ਮੰਨ ਗਈਆਂ ਸਨ। ਜਥੇਬੰਦੀ ਦੇ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਸਾਂਝੇ ਫ਼ੈਸਲੇ ਮੁਤਾਬਕ ਮਾਲ ਭਾੜਾ ਗੱਡੀਆਂ ਸਿਰਫ਼ ਕੋਲਾ ਆਦਿ ਢੋਆ-ਢੁਆਈ ਕਰ ਸਕਦੀਆਂ ਹਨ ਪਰ ਕਾਰਪੋਰੇਟ ਘਰਾਣਿਆਂ ਅੰਦਰੋਂ ਮਾਲ ਗੱਡੀਆਂ ਲੋਡ ਨਹੀਂ ਕਰਨ ਦਿੱਤੀਆਂ ਜਾਣਗੀਆਂ।

ਇਸ ਮੌਕੇ ਰੋਹ ’ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਬੀਕੇਯੂ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਇੱਥੇ ਅਡਾਨੀ ਅਨਾਜ ਭੰਡਾਰ ਅੱਗੇ ਧਰਨੇ ਦੇ 23ਵੇਂ ਦਿਨ ਜਦ ਮਾਲ ਗੱਡੀ ਅਡਾਨੀ ਪਲਾਂਟ ਅੰਦਰ ਦਾਖਲ ਹੋਈ ਤਾਂ ਕਿਸਾਨ ਹਰਕਤ ਵਿੱਚ ਆ ਗਏ ਅਤੇ ਸੂਚਨਾ ਮਿਲਦੇ ਹੀ ਜ਼ਿਲ੍ਹੇ ’ਚ ਹੋਰ ਥਾਵਾਂ ਉੱਤੇ ਧਰਨਿਆਂ ਉੱਤੇ ਬੈਠੇ ਕਿਸਾਨ ਆਗੂ ਵੀ ਮੌਕੇ ਉੱਤੇ ਪਹੁੰਚ ਗਏ। ਇਸ ਮੌਕੇ ਕਿਸਾਨਾਂ ਨੇ ਪਲਾਂਟ ਦਾ ਗੇਟ ਬੰਦ ਕਰਕੇ ਮਾਲ ਗੱਡੀ ਅੰਦਰ ਡੱਕ ਲਈ। ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਅਡਾਨੀ ਪਲਾਂਟ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇੱਥੋਂ ਅਨਾਜ ਲੋਡ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਸਿਰਫ਼ ਰੇਲ ਇੰਜਣ ਜਾਣ ਦਿੱਤਾ ਅਤੇ ਡੱਬੇ ਅੰਦਰ ਪਲਾਟ ਅੰਦਰ ਡੱਕ ਕੇ ਗੇਟ ਬੰਦ ਕਰ ਦਿੱਤਾ।

ਵੀਰਵਾਰ ਰਾਤ ਇੱਥੋਂ ਦੇ ਰੇਲਵੇ ਸਟੇਸ਼ਨ ਉਤੇ ਇਕ ਰੇਲਵੇ ਮੁਲਾਜ਼ਮ ਨੇ ਕਿਸਾਨਾਂ ਦਾ ਬਿਜਲੀ-ਪਾਣੀ ਬੰਦ ਕਰ ਦਿੱਤਾ। ਉਸ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਤੇ ਪੁਲੀਸ ਨੂੰ ਦਖ਼ਲ ਦੇਣਾ ਪਿਆ। ਵੇਰਵਿਆਂ ਮੁਤਾਬਕ ਰੇਲਵੇ ਸਟੇਸ਼ਨ ’ਤੇ ਸਰਕਾਰੀ ਮੁਲਾਜ਼ਮ ਆਪਣੀ ਬੱਤੀ ਜਗਾ ਕੇ ਬੈਠਾ ਸੀ ਪਰ ਰੇਲਵੇ ਸਟੇਸ਼ਨ ’ਤੇ ਧਰਨੇ ਉੱਤੇ ਬੈਠੇ ਕਿਸਾਨਾਂ ਦਾ ਬਿਜਲੀ ਤੇ ਪਾਣੀ ਉਸ ਨੇ ਬੰਦ ਕਰ ਦਿੱਤਾ। ਰਾਤ ਨੂੰ ਹੀ ਕਿਸਾਨਾਂ ਨੇ ਇਸ ਮੁਲਾਜ਼ਮ ਦੇ ਡਿਊਟੀ ਰੂਮ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਜੀਆਰਪੀ ਪੁਲੀਸ ਦੇ ਦਖ਼ਲ ਮਗਰੋਂ ਹੀ ਕਿਸਾਨ ਸ਼ਾਂਤ ਹੋਏ।

Previous articleਭਾਜਪਾ ਨੂੰ ਸੂਬੇ ਦਾ ਸ਼ਾਂਤ ਮਾਹੌਲ ਵਿਗਾੜਨ ਨਹੀਂ ਦੇਵਾਂਗੇ: ਕੈਪਟਨ
Next articlePM Modi inaugurates 3 key projects in Gujarat