ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਦੇ ਵਧਦੇ ਕੌਮਾਂਤਰੀ ਦਬਾਅ ਦਰਮਿਆਨ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇਕ ਮਤਾ ਪੇਸ਼ ਕਰਕੇ ਮਸੂਦ ਦਾ ਨਾਂ ਕਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਅਮਰੀਕਾ ਨੇ ਇਹ ਮਤਾ ਫਰਾਂਸ ਤੇ ਯੂਕੇ ਦੀ ਹਮਾਇਤ ਨਾਲ ਪੇਸ਼ ਕੀਤਾ ਹੈ। ਚੀਨ ਨੇ ਅਜੇ ਦੋ ਹਫ਼ਤੇ ਪਹਿਲਾਂ 1267 ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਤਹਿਤ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਨ ਸਬੰਧੀ ਫਰਾਂਸ ਵੱਲੋਂ ਪੇਸ਼ ਤਜਵੀਜ਼ ਨੂੰ ਵੀਟੋ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਦੇ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ‘ਪਹਿਲਾ ਮੌਕਾ’ ਹੈ ਜਦੋਂ ਅਮਰੀਕਾ, ਯੂਕੇ ਤੇ ਫਰਾਂਸ ਨੇ ਅਜ਼ਹਰ ਨੂੰ ਬਲੈਕਲਿਸਟ ਕਰਨ ਲਈ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਵਿੱਚ ਸਿੱਧਿਆਂ ਮਤੇ ਦਾ ਖਰੜਾ ਪੇਸ਼ ਕੀਤਾ ਹੈ। ਖਰੜੇ ਵਿੱਚ ਮਸੂਦ ਦਾ ਨਾਂ ਕਾਲੀ ਸੂਚੀ ਵਿੱਚ ਸ਼ਾਮਲ ਕਰਨ, ਉਸ ਦੇ ਸਫ਼ਰ ਕਰਨ ’ਤੇ ਪਾਬੰਦੀ, ਉਸ ਦੇ ਖਾਤੇ ਜਾਮ ਕਰਨ ਤੇ ਹਥਿਆਰਾਂ ਦੀ ਖਰੀਦੋ ਫਰੋਖ਼ਤ ’ਤੇ ਪਾਬੰਦੀ ਜਿਹੀਆਂ ਵਿਵਸਥਾਵਾਂ ਸ਼ਾਮਲ ਹਨ। ਯੂਐਨ ਸੁਰੱਖਿਆ ਪ੍ਰੀਸ਼ਦ ਕੋਲ ਸੂਚੀਬੱਧ ਕਿਸੇ ਵੀ ਤਜਵੀਜ਼ ’ਤੇ ਦਸ ਦਿਨਾਂ ਅੰਦਰ ਉਜ਼ਰ ਜਤਾਉਣਾ ਹੁੰਦਾ ਹੈ ਜਦੋਂਕਿ ਖਰੜੇ ਦੇ ਮਤੇ ਖ਼ਿਲਾਫ਼ ਅਜਿਹੀ ਲਈ ਕੋਈ ਵਿਵਸਥਾ ਮੌਜੂਦ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਇਸ ਖਰੜੇ ’ਤੇ ਗੈਰ-ਰਸਮੀ ਚਰਚਾ ਮਗਰੋਂ ਇਸ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਭੇਜ ਦਿੱਤਾ ਜਾਵੇਗਾ। ਮਤੇ ਦੇ ਇਸ ਖਰੜੇ ’ਤੇ ਵੋਟਿੰਗ ਬਾਰੇ ਵੀ ਸਥਿਤੀ ਅਜੇ ਅਸਪਸ਼ਟ ਹੈ। ਸੂਤਰਾਂ ਨੇ ਕਿਹਾ ਕਿ ਡਰਾਫਟ ਮਤੇ ਵਿੱਚ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕੀਤੀ ਜਾਵੇਗੀ। ਸੀਆਰਪੀਐਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ।
HOME ਅਜ਼ਹਰ ਨੂੰ ਬਲੈਕਲਿਸਟ ਕਰਨ ਲਈ ਯੂਐਨ ’ਚ ਮਤਾ ਪੇਸ਼