ਸਟਰਾਈਕਰ ਮਨਦੀਪ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ 28ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਅੱਜ ਆਖ਼ਰੀ ਲੀਗ ਮੈਚ ਵਿੱਚ ਪੋਲੈਂਡ ਨੂੰ 10-0 ਨਾਲ ਹਰਾਇਆ। ਭਾਰਤੀ ਟੀਮ ਸ਼ਨਿੱਚਰਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕੀ ਹੈ, ਜਿੱਥੇ ਉਸ ਦਾ ਸਾਹਮਣਾ ਕੋਰੀਆ ਨਾਲ ਹੋਵੇਗਾ। ਭਾਰਤ ਲਈ ਮਨਦੀਪ ਸਿੰਘ (50ਵੇਂ ਅਤੇ 51ਵੇਂ ਮਿੰਟ), ਡਰੈੱਗ ਫਲਿੱਕਰ ਵਰੁਣ ਕੁਮਾਰ (18ਵੇਂ ਅਤੇ 24ਵੇਂ ਮਿੰਟ), ਵਿਵੇਕ ਸਾਗਰ ਪ੍ਰਸਾਦ (ਪਹਿਲੇ ਮਿੰਟ), ਸੁਮਿਤ ਕੁਮਾਰ (ਸੱਤਵੇਂ ਮਿੰਟ), ਸੁਰਿੰਦਰ ਕੁਮਾਰ (19ਵੇਂ ਮਿੰਟ), ਸਿਮਰਨਜੀਤ ਸਿੰਘ (29ਵੇਂ ਮਿੰਟ), ਨੀਲਕਾਂਤਾ ਸ਼ਰਮਾ (36ਵੇਂ ਮਿੰਟ) ਅਤੇ ਅਮਿਤ ਰੋਹਿਦਾਸ (55ਵੇਂ ਮਿੰਟ) ਨੇ ਗੋਲ ਦਾਗ਼ੇ। ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਜੇਤੂ ਰਿਕਾਰਡ ਕਾਇਮ ਰੱਖਿਆ ਹੈ। ਮਨਦੀਪ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸੱਤ ਅਤੇ ਵਰੁਣ ਨੇ ਪੰਜ ਗੋਲ ਕਰ ਲਏ ਹਨ। ਭਾਰਤ ਨੇ ਪੰਜ ਲੀਗ ਮੈਚਾਂ ਵਿੱਚ ਚਾਰ ਜਿੱਤਾਂ ਅਤੇ ਇੱਕ ਡਰਾਅ ਨਾਲ 13 ਅੰਕ ਹਾਸਲ ਕੀਤੇ ਹਨ, ਜਦੋਂਕਿ ਕੋਰੀਆ ਨੇ ਵੀ ਇਨ੍ਹੇ ਹੀ ਮੈਚਾਂ ਵਿੱਚ ਜਿੱਤ ਦਰਜ ਕਰਕੇ ਫਾਈਨਲ ਵਿੱਚ ਥਾਂ ਬਣਾਈ ਹੈ। ਉਹ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਵੱਧ ਗੋਲ ਹੋਣ ਕਾਰਨ ਭਾਰਤ ਪਹਿਲੇ ਸਥਾਨ ’ਤੇ ਚੱਲ ਰਿਹਾ ਹੈ। ਅੱਜ ਦੇ ਦੋ ਗੋਲਾਂ ਦੀ ਮਦਦ ਨਾਲ ਇਹ ਮੁਕਾਬਲਾ ਪੂਰੀ ਤਰ੍ਹਾਂ ਇਕਪਾਸੜ ਰਿਹਾ ਅਤੇ ਭਾਰਤ ਨੇ ਸੱਤਵੇਂ ਮਿੰਟ ਵਿੱਚ ਹੀ ਦੋ ਗੋਲਾਂ ਦੀ ਲੀਡ ਬਣਾ ਲਈ ਸੀ। ਦੂਜੇ ਕੁਆਰਟਰ ਵਿੱਚ ਵਿਰੋਧੀ ਖ਼ੇਮੇ ਵਿੱਚ ਸੰਨ੍ਹ ਲਾਉਂਦਿਆਂ ਸੁਮੀਤ ਨੇ ਪੈਨਲਟੀ ਕਾਰਨਰ ਕਮਾਇਆ, ਜਿਸ ਨੂੰ ਵਰੁਣ ਨੇ ਗੋਲ ਵਿੱਚ ਬਦਲਿਆ। ਇੱਕ ਮਿੰਟ ਮਗਰੋਂ ਸੁਰਿੰਦਰ ਨੇ ਰੋਹਿਦਾਸ ਦੇ ਬਣਾਏ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਭਾਰਤ ਦੇ ਫਾਰਵਰਡ ਖਿਡਾਰੀ ਸ਼ਿਲਾਨੰਦ ਲਾਕੜਾ ਨੂੰ 24ਵੇਂ ਮਿੰਟ ਵਿੱਚ ਗਰੀਨ ਕਾਰਡ ਵਿਖਾਇਆ ਗਿਆ, ਪਰ ਇਸ ਦਾ ਟੀਮ ’ਤੇ ਕੋਈ ਅਸਰ ਨਹੀਂ ਪਿਆ ਅਤੇ ਇਸੇ ਮਿੰਟ ਵਿੱਚ ਵਰੁਣ ਨੇ ਇੱਕ ਹੋਰ ਗੋਲ ਕਰਕੇ ਭਾਰਤ ਨੂੰ 5-0 ਦੀ ਲੀਡ ਦਿਵਾਈ। ਇਸ ਤੋਂ ਬਾਅਦ ਨੀਲਕਾਂਤਾ ਸ਼ਰਮਾ ਦੇ ਪਾਸ ’ਤੇ ਮਨਦੀਪ ਨੇ ਗੇਂਦ ਸਿਮਰਨਜੀਤ ਨੂੰ ਦਿੱਤੀ, ਜਿਸ ਨੇ ਪੋਲੈਂਡ ਦੇ ਗੋਲਕੀਪਰ ਨੂੰ ਚਕਮਾ ਦਿੰਦਿਆਂ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਅੱਧੇ ਸਮੇਂ ਤੱਕ ਭਾਰਤ ਕੋਲ 6-0 ਗੋਲਾਂ ਦੀ ਲੀਡ ਸੀ। 36ਵੇਂ ਮਿੰਟ ਵਿੱਚ ਨੀਲਕਾਂਤਾ ਨੇ ਸੁਮੀਤ ਤੋਂ ਮਿਲੇ ਪਾਸ ’ਤੇ ਗੋਲ ਦਾਗ਼ਿਆ। ਇਸ ਤੋਂ ਬਾਅਦ ਮਨਦੀਪ ਨੇ ਅੱਠਵਾਂ ਅਤੇ ਨੌਵਾਂ ਗੋਲ ਕੀਤਾ, ਜਦਕਿ ਦਸਵਾਂ ਗੋਲ ਸੁਰਿੰਦਰ ਦੇ ਬਣਾਏ ਪੈਨਲਟੀ ਕਾਰਨਰ ’ਤੇ ਰੋਹਿਦਾਸ ਨੇ ਦਾਗ਼ਿਆ।
Sports ਅਜ਼ਲਾਨ ਸ਼ਾਹ ਕੱਪ: ਭਾਰਤ ਤੇ ਕੋਰੀਆ ਵਿਚਾਲੇ ਖ਼ਿਤਾਬੀ ਭੇੜ ਅੱਜ