ਵੈਲਿੰਗਟਨ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਖ਼ੁਦ ਨੂੰ ਕ੍ਰਿਕਟ ਦੇ ਤਿੰਨਾਂ ਸਰੂਪਾਂ ਵਿੱਚ ਤਿੰਨ ਸਾਲ ਤੱਕ ਸਖ਼ਤ ਮਿਹਨਤ ਲਈ ਤਿਆਰ ਕਰ ਰਹੇ ਹਨ ਜਿਸ ਮਗਰੋਂ ਉਹ ਬਦਲਾਅ ਦੇ ਦੌਰ ’ਚ ਉਹ ਆਪਣੇ ਕੰਮ ਦੇ ਬੋਝ ਨੂੰ ਘਟਾ ਸਕਦੇ ਹਨ। ਕੋਹਲੀ ਅਗਲੇ ਤਿੰਨ ਸਾਲਾਂ ’ਚ ਟੀ-20 ਦੇ ਦੋ ਅਤੇ 50 ਓਵਰਾਂ ਦੇ ਇੱਕ ਵਿਸ਼ਵ ਕੱਪ ਟੂਰਨਾਮੈਂਟ ਦੇ ਨਾਲ ਹੀ ਭਾਰਤੀ ਕ੍ਰਿਕਟ ਦੀ ਇੱਕ ਵੱਡੀ ਤਸਵੀਰ ਦੇਖਦੇ ਹਨ ਜਿਸ ਮਗਰੋਂ ਉਹ ਤਿੰਨਾਂ ਸਰੂਪਾਂ (ਕ੍ਰਿਕਟ ਸ਼੍ਰੇਣੀ) ਵਿੱਚੋਂ ਕਿਸੇ ਦੋ ਵਿੱਚ ਖੇਡਣ ਦਾ ਫ਼ੈਸਲਾ ਕਰ ਸਕਦੇ ਹਨ। ਇਹ ਪੁੱਛਣ ’ਤੇ ਕਿ ਕੀ ਭਾਰਤ ’ਚ 2021 ਦੇ ਟੀ-20 ਵਿਸ਼ਵ ਕੱਪ ਮਗਰੋਂ ਘੱਟੋ-ਘੱਟੋ ਇੱਕ ਸਰੂਪ ਨੂੰ ਛੱਡਣ ਬਾਰੇ ਮੁੜ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ, ‘‘ਮੇਰੀ ਸੋਚ ਵੱਡੀ ਤਸਵੀਰ ਵਾਲੀ ਹੈ ਜਿੱਥੇ ਮੈਂ ਖ਼ੁਦ ਨੂੰ ਹੁਣ ਤੋਂ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਲਈ ਤਿਆਰ ਕਰ ਰਿਹਾ ਹਾਂ।’’ ਉਹ ਨਿਊਜ਼ੀਲੈਂਡ ਨਾਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰ ਰਹੇ ਸਨ। ਉਸਨੇ ਸਪੱਸ਼ਟ ਤੌਰ ’ਤੇ ਸਵੀਕਾਰ ਕੀਤਾ ਕਿ ਥਕਾਵਟ ਅਤੇ ਕੰਮ ਦੇ ਬੋਝ ਦਾ ਪ੍ਰਬੰਧਨ ਅਜਿਹੇ ਮੁੱਦੇ ਹਨ ਜਿਸ ’ਤੇ ਹਰ ਰੂਪ ’ਚ ਗੱਲ ਹੋਣੀ ਚਾਹੀਦੀ ਹੈ। ਕੋਹਲੀ ਨੇ ਕਿਹਾ, ‘ਲੱਗਪਗ ਅੱਠ ਸਾਲਾਂ ਤੋਂ ਮੈਂ ਹਰ ਵਰ੍ਹੇ 300 ਦਿਨ ਕ੍ਰਿਕਟ ਰਿਹਾ ਹਾਂ, ਜਿਸ ਵਿੱਚ ਸਫ਼ਰ ਅਤੇ ਅਭਿਆਸ ਸੈਸ਼ਨ ਵੀ ਸ਼ਾਮਲ ਹੈ।’’ ਇਸ ਸਾਲ 31 ਵਰ੍ਹਿਆਂ ਦੇ ਹੋ ਰਹੇ ਭਾਰਤੀ ਕਪਤਾਨ ਨੇ ਮੰਨਿਆ ਕਿ ਵਿੱਚ-ਵਿਚਾਲੇ ਛੁੱਟੀਆਂ ਲੈਣਾ ਉਨ੍ਹਾਂ ਲਈ ਲਾਹੇਵੰਦ ਰਿਹਾ ਹੈ। ਉਨ੍ਹਾਂ ਕਿਹਾ, ‘‘ਅਜਿਹਾ ਨਹੀਂ ਕਿ ਖਿਡਾਰੀ ਹਰ ਵੇਲੇ ਇਸ ਬਾਰੇ ਨਹੀਂ ਸੋਚਦੇ। ਅਸੀਂ ਵਿਅਕਤੀਗਤ ਰੂਪ ਕਈ ਬ੍ਰੇਕ ਲੈਂਦੇ ਹਾਂ ਭਾਵੇਂ ਕਿ ਮੈਚਾਂ ਦੇ ਪ੍ਰੋਗਰਾਮ ਦੌਰਾਨ ਸਾਨੂੰ ਇਸ ਦੀ ਗੁੰਜਾਇਸ਼ ਨਾ ਲੱਗਦੀ ਹੋਵੇ। ਇਹ ਗੱਲ ਉਨ੍ਹਾਂ ’ਤੇ ਖਾਸ ਕਰਕੇ ਲਾਗੂ ਹੈ ਜੋ ਹਰ ਤਰ੍ਹਾਂ ਦੇ ਸਰੂਪ (ਕ੍ਰਿਕਟ ਸ਼੍ਰੇਣੀ) ’ਚ ਖੇਡਦੇ ਹਨ। ਕੋਹਲੀ ਨੇ ਕਿਹਾ ਕਿ ਇਹ ਕੇਵਲ ਉਨ੍ਹਾਂ ਦੇ ਪ੍ਰਦਰਸ਼ਨ ਦੀ ਗੱਲ ਨਹੀਂ ਹੈ ਬਲਕਿ ਅਗਵਾਈ ਦੀ ਵੀ ਗੱਲ ਹੈ ਜਿਸ ਲਈ ਉਨ੍ਹਾਂ ’ਤੇ ਹਰ ਸਮੇਂ ਰਣਨੀਤੀ ਬਣਾਉਣ ਦੇ ਮਕਸਦ ਨਾਲ ਦਿਮਾਗ ਨੂੰ ਆਰਾਮ ਦੀ ਜ਼ਰੂਰਤ ਹੈ।
Sports ਅਗਲੇ ਤਿੰਨ ਸਾਲ ਸਖ਼ਤ ਮਿਹਨਤ ਲਈ ਤਿਆਰ ਹਾਂ: ਕੋਹਲੀ