ਨਵੀਂ ਦਿੱਲੀ (ਸਮਾਜਵੀਕਲੀ) : ਆਰਬੀਆਈ ਵੱਲੋਂ ਬੀਤੇ ਦਿਨ ਕੀਤੇ ਗਏ ਐਲਾਨ ਤੋਂ ਬਾਅਦ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਥਿਕਤਾ ਨੂੰ ਸਥਿਰ ਕਰਨ ਲਈ ਭਵਿੱਖ ’ਚ ਚੁੱਕੇ ਜਾਣ ਵਾਲੇ ਕਦਮ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਕੀ ਹੁੰਦੀ ਹੈ। ਸੀਤਾਰਾਮਨ ਨੇ ਕਿਹਾ ਕਿ ਇਸ ਸਮੇਂ ਆਰਥਿਕ ਵਿਕਾਸ ਦਾ ਅਨੁਮਾਨ ਲਾਉਣਾ ਮੁਸ਼ਕਲ ਹੈ ਕਿ ਕਿਉਂਕਿ ਕੋਈ ਨਹੀਂ ਜਾਣਦਾ ਕਿ ਮਹਾਮਾਰੀ ਦੀ ਸਥਿਤੀ ਕੀ ਰਹੇਗੀ।
ਭਾਜਪਾ ਆਗੂ ਨਲਿਨ ਕੋਹਲੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, ‘ਮੈਂ ਕਿਸੇ ਲਈ ਵੀ ਦਰਵਾਜ਼ੇ ਬੰਦ ਨਹੀਂ ਕਰ ਰਹੀ। ਮੈਂ ਸਨਅਤ ਤੋਂ ਲਗਾਤਾਰ ਸੁਝਾਅ ਲੈਣੇ ਜਾਰੀ ਰੱਖਾਂਗੀ। ਜੋ ਐਲਾਨ ਕੀਤੇ ਗਏ ਹਨ ਉਨ੍ਹਾਂ ’ਤੇ ਅਮਲ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ ਸਭ ਕੁਝ ਇਸੇ ’ਤੇ ਨਿਰਭਰ ਕਰਦਾ ਹੈ। ਅਸੀਂ ਅਜੇ ਚਾਲੂ ਵਿੱਤੀ ਵਰ੍ਹੇ ਦੇ ਦੋ ਮਹੀਨੇ ਲੰਘਾਏ ਹਨ। ਅਜੇ 10 ਮਹੀਨੇ ਬਾਕੀ ਹਨ।’ ਉਨ੍ਹਾਂ ਕਿਹਾ ਕਿ ਵਿੱਤੀ ਪੈਕੇਜ ਦਾ ਐਲਾਨ ਆਰਥਿਕ ਮਾਹਿਰਾਂ, ਸਾਬਕਾ ਬੈਂਕਰਾਂ ਤੇ ਵਿੱਤ ਮੰਤਰਾਲੇ ਤੇ ਸਨਅਤ ਦੇ ਸਾਬਕਾ ਅਧਿਕਾਰੀਆਂ ਦੀ ਸਲਾਹ ਨਾਲ ਕੀਤਾ ਗਿਆ ਹੈ।