ਅਗਸਤ ਤੋਂ ਪਹਿਲਾਂ ਕੌਮਾਂਤਰੀ ਉਡਾਣਾਂ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ: ਪੁਰੀ

ਨਵੀਂ ਦਿੱਲੀ (ਸਮਾਜਵੀਕਲੀ)  : ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਵਲੋਂ ਅਗਸਤ ਤੋਂ ਪਹਿਲਾਂ ਕਈ ਕੌਮਾਂਤਰੀ ਯਾਤਰੂ ਉਡਾਣਾਂ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦਾ ਇਹ ਬਿਆਨ ਤਿੰਨ ਦਿਨ ਪਹਿਲਾਂ ਘਰੇਲੂ ਉਡਾਣਾਂ 25 ਮਈ ਤੋਂ ਸ਼ੁਰੂ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਆਇਆ ਹੈ।

ਕਰੋਨਾਵਾਇਰਸ ਮਹਾਮਾਰੀ ਦੌਰਾਨ ਕੁਝ ਸੂਬਿਆਂ ਵਲੋਂ ਘਰੇਲੂ ਸੇਵਾਵਾਂ ਬਹਾਲ ਕੀਤੇ ਜਾਣ ਦੀ ਲੋੜ ’ਤੇ ਚੁੱਕੇ ਸਵਾਲਾਂ ਬਾਰੇ ਉਨ੍ਹਾਂ ਮੰਨਿਆ ਕਿ ਭਾਵੇਂ ਕੇਂਦਰ ਵਲੋਂ ਸੂਬਿਆਂ ਦੀਆਂ ਚਿੰਤਾਵਾਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਥੋੜ੍ਹੀ ਝਿਜਕ ਤਾਂ ਜ਼ਰੂਰ ਹੈ।
ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੰਤਰੀ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਲਈ ਅਰੋਗਿਯਾ ਸੇਤੂ ਐਪ ਲਾਜ਼ਮੀ ਨਹੀਂ ਹੈ ਅਤੇ ਉਹ ਇਸ ਦੀ ਥਾਂ ਸਵੈ-ਘੋਸ਼ਣਾ ਫਾਰਮ ਵੀ ਦੇ ਸਕਦੇ ਹਨ।

ਪੁਰੀ ਨੇ ਸੈਸ਼ਨ ਦੌਰਾਨ ਕਿਹਾ, ‘‘ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕਰਨ ਸਬੰਧੀ ਮੈਂ ਕੋਈ ਤਰੀਕ ਨਹੀਂ ਦੇ ਸਕਦਾ। ਪਰ ਜੇਕਰ ਕੋਈ ਕਹਿੰਦਾ ਹੈ ਕਿ ਕੀ ਇਹ ਅਗਸਤ ਜਾਂ ਸਤੰਬਰ ਤੱਕ ਹੋ ਜਾਵੇਗਾ? ਤਾਂ ਮੇਰਾ ਜਵਾਬ ਹੈ ਕਿ ਸਥਿਤੀ ਦੇ ਹਿਸਾਬ ਨਾਲ ਇਸ ਤੋਂ ਪਹਿਲਾਂ ਕਿਉਂ ਨਹੀਂ।’’ ਉਨ੍ਹਾਂ ਕਿਹਾ, ‘‘ਮੈਨੂੰ ਪੂਰੀ ਉਮੀਦ ਹੈ ਕਿ ਅਗਸਤ ਜਾਂ ਸਤੰਬਰ ਤੋਂ ਪਹਿਲਾਂ, ਜੇਕਰ ਸਾਰੀਆਂ ਨਹੀਂ ਤਾਂ ਅਸੀਂ ਕੁਝ ਫੀਸਦੀ ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੇਵਾਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ।’’ ਉਨ੍ਹਾਂ ਕਿਹਾ, ‘‘ਕੌਮਾਂਤਰੀ ਉਡਾਣਾਂ ਦੀ ਬਹਾਲੀ ਬਾਬਤ ਸਾਨੂੰ ਹੋਰ ਨੇੜੇ ਦਾ ਟੀਚਾ ਰੱਖਣਾ ਚਾਹੀਦਾ ਹੈ। ਕਿਉਂ ਨਾ ਇਹ ਜੂਨ ਦੇ ਅੱਧ ਜਾਂ ਅਖੀਰ ਤੋਂ ਜਾਂ ਜੁਲਾਈ ਵਿੱਚ ਸ਼ੁਰੂ ਕਰ ਦਿੱਤੀਆਂ ਜਾਣ।’’

Previous articleਪੰਜਾਬ ’ਚ ਦੁਬਾਰਾ ਲੌਕਡਾਊਨ ਦੀ ਲੋੜ ਨਹੀਂ ਪੈਣੀ: ਅਮਰਿੰਦਰ
Next articleਅਗਲੇ ਕਦਮ ਕੋਵਿਡ-19 ਦੀ ਸਥਿਤੀ ’ਤੇ ਨਿਰਭਰ: ਸੀਤਾਰਮਨ