ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖ਼ਾਲਸਾ ਪੰਥ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਨੂੰ ਸੰਬੋਧਨ ਹੁੰਦਿਆਂ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਦੀ ਇੱਛਾ ਪ੍ਰਗਟਾਈ ਹੈ ਤੇ ਇਸ ਅਹੁਦੇ ’ਤੇ ਕਿਸੇ ਯੋਗ ਵਿਅਕਤੀ ਨੂੰ ਨਿਯੁਕਤ ਕਰਨ ਲਈ ਆਖਿਆ ਹੈ। ਇਹ ਇੱਛਾ ਉਨ੍ਹਾਂ ਇਥੇ ਪ੍ਰੈੱਸ ਨੂੰ ਦੇਰ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਪ੍ਰਗਟਾਈ ਹੈ। ਬਿਆਨ ’ਚ ਉਨ੍ਹਾਂ ਆਪਣੀ ਵੱਡੀ ਉਮਰ ਅਤੇ ਇਸ ਨਾਲ ਜੁੜੀਆਂ ਸਿਹਤ ਦੀਆਂ ਕੁਝ ਦਿੱਕਤਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਹ ਹੁਣ ਇਹ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਅਸਮਰੱਥ ਹਨ। ਪ੍ਰੈੱਸ ਬਿਆਨ ਨੂੰ ਉਨ੍ਹਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਜਥੇਦਾਰ ਨੇ ਪ੍ਰੈੱਸ ਬਿਆਨ ਵਿੱਚ ਇਹ ਵੀ ਲਿਖਿਆ ਹੈ ਕਿ ਡੇਰਾ ਸਿਰਸਾ ਦੀ ਮੁਆਫ਼ੀ ਸਬੰਧੀ ਲਏ ਗਏ ਫ਼ੈਸਲੇ ’ਤੇ ਕਿੰਤੂ ਪ੍ਰੰਤੂ ਵੀ ਹੋਇਆ ਹੈ, ਪਰ ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਿੰਘ ਸਾਹਿਬਾਨ ਦੀ ਰਾਇ ਨਾਲ ਇਹ ਫ਼ੈਸਲਾ ਵਾਪਸ ਲੈ ਲਿਆ ਸੀ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੀਵ ਭੁੱਲਣਹਾਰ ਹੈ ਅਤੇ ਆਪਣੇ ਸੇਵਾ ਕਾਲ ਦੌਰਾਨ ਉਨ੍ਹਾਂ ਕੋਲੋਂ ਵੀ ਜਾਣੇ ਅਣਜਾਣੇ ’ਚ ਭੁੱਲਾਂ ਹੋਈਆਂ ਹਨ। ਉਨ੍ਹਾਂ ਇਸ ਸਬੰਧ ਵਿੱਚ ਪੂਰੇ ਖਾਲਸਾ ਪੰਥ ਕੋਲੋਂ ਖਿਮਾ ਯਾਚਨਾ ਕੀਤੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਕੌਮੀ ਮਸਲੇ ਹੱਲ ਕਰਨ ਬਾਰੇ ਵੀ ਦੱਸਿਆ ਹੈ। ਉਨ੍ਹਾਂ ਆਖਿਆ ਕਿ ਉਹ ਅਕਾਲ ਤਖ਼ਤ ਤੇ ਖਾਲਸਾ ਪੰਥ ਨੂੰ ਸਮਰਪਿਤ ਹਨ। ਉਨ੍ਹਾਂ ਲਗਾਤਾਰ 10 ਸਾਲ ਇਕ ਨਿਮਾਣੇ ਦਾਸ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਮਿਲੇ ਸਹਿਯੋਗ ਲਈ ਸਮੁੱਚੀ ਧਾਰਮਿਕ ਜਥੇਬੰਦੀਆਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ ਹੈ।

Previous articleਮੋਤੀ ਮਹਿਲ ਵੱਲ ਵਧਦੀਆਂ ਆਸ਼ਾ ਵਰਕਰਾਂ ਤੇ ਪੁਲੀਸ ’ਚ ਝੜਪਾਂ
Next articleਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ