(ਸਮਾਜ ਵੀਕਲੀ) ਭਲੂਰ/ਬੇਅੰਤ ਗਿੱਲ :- ਮਿਤੀ 2 ਮਾਰਚ 2025 ਦਿਨ ਐਤਵਾਰ ਨੂੰ ‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਾਹਿਤਕ ਸਮਾਗਮ ਉਲੀਕਿਆ ਗਿਆ ਹੈ। ਇਹ ਸਾਹਿਤਕ ਸਮਾਗਮ ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਮਾ. ਕੁਲਦੀਪ ਚੰਦ ਮੈਂਗੀ ਹੋਰਾਂ ਨੇ ਗੀਤਾਂ ਦੀ ਕਿਤਾਬ ‘ਡਾਚੀ ਦੀਏ ਪੈੜੇ’ ਨੂੰ ਬੜੀ ਸ਼ਿੱਦਤ ਨਾਲ ਲਿਖਿਆ ਤੇ ਪਾਠਕਾਂ ਦੀ ਕਚਹਿਰ ਵਿਚ ਪੇਸ਼ ਕੀਤਾ। ਮਾਸਟਰ ਮੈਂਗੀ ਦੇ ਗੀਤ ਗੁੰਮ ਗਏ ਵਿਰਸੇ ਦੀ ਖੁਸ਼ਬੋਅ, ਗਰੀਬ ਕਿਸਾਨਾਂ, ਮਜ਼ਦੂਰਾਂ, ਦੱਬੇ-ਕੁਚਲੇ ਲੋਕਾਂ ਦੇ ਹੰਝੂ ਅਤੇ ਸੱਚੀ ਸੁੱਚੀ ਮੁਹੱਬਤ ਦੀ ਕਹਾਣੀ ਹਨ। ਉਹਨਾਂ ਨੇ ਆਪਣੇ ਗੀਤਾਂ ਵਿਚ ਅਜਿਹੇ ਸ਼ਬਦਾਂ ਨੂੰ ਸਾਂਭਿਆ ਹੋਇਆ ਹੈ, ਜਿਹੜੇ ਅਜੋਕੀ ਪੀੜ੍ਹੀ ਨੂੰ ਸੰਪੂਰਨ ਪੰਜਾਬ ਦੇ ਰੀਤੀ -ਰਿਵਾਜ , ਖਾਣ- ਪੀਣ, ਰਹਿਣ -ਸਹਿਣ ਅਤੇ ਕਦਰਾਂ- ਕੀਮਤਾਂ ਅਰਥਾਤ ਵਿੱਛੜੇ ਸੱਭਿਆਚਾਰ ਦੀ ਯਾਦ ਦਿਲਾਉਂਦੇ ਹਨ। ਅੱਜ ਭਾਵੇਂ ਮਾਸਟਰ ਕੁਲਦੀਪ ਚੰਦ ਮੈਂਗੀ ਜੀ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਹਨ, ਪ੍ਰੰਤੂ ਆਪਣੀਆਂ ਲਿਖਤਾਂ ਜ਼ਰੀਏ ਹਮੇਸ਼ਾ ਸਾਡੇ ਚੇਤਿਆਂ ਵਿਚ ਰਹਿਣਗੇ। ਉਨ੍ਹਾਂ ਦੀ ਕਿਤਾਬ ‘ਡਾਚੀ ਦੀਏ ਪੈੜੇ’ ਨੂੰ ਰੀਲੀਜ਼ ਕਰਨ ਮੌਕੇ ‘ਨੌਜਵਾਨ ਸਾਹਿਤ ਸਭਾ ਭਲੂਰ’ ਨੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਸਨ ਅਤੇ ਰੀਲੀਜ਼ ਸਮਾਗਮ ਦੌਰਾਨ ਉੱਘੇ ਸ਼ਾਇਰ ਅਮਰਦੀਪ ਗਿੱਲ ਹੋਰੀਂ ਉਚੇਚੇ ਤੌਰ ‘ਤੇ ਪਹੁੰਚੇ ਸਨ। ਸ਼ਾਇਰ ਅਮਰਦੀਪ ਗਿੱਲ ਲਿਖਦੇ ਹਨ ਕਿ ਮਾ. ਕੁਲਦੀਪ ਚੰਦ ਮੈਂਗੀ ਹੋਰਾਂ ਦੇ ਗੀਤ ਸੁਣਕੇ, ਪੜ੍ਹਕੇ ਮੈਨੂੰ ਇਕ ਸੱਜਰੇਪਣ ਦਾ ਅਹਿਸਾਸ ਹੋਇਆ। ਗੀਤਾਂ ਵਿਚਲੇ ਬਿੰਬ, ਅਲੰਕਾਰ ਬਹੁਤ ਹੀ ਸੂਖਮ ਅਤੇ ਅਰਥ ਭਰਪੂਰ ਹਨ। ਮਲਵਈ ਭਾਸ਼ਾ ਦੇ ਲੋਕ-ਮੁਹਾਵਰੇ ‘ਤੇ ਉਨ੍ਹਾਂ ਦੀ ਕਮਾਲ ਦੀ ਪਕੜ ਹੈ। ਇਸ ਮੌਕੇ ਕਵਿੱਤਰੀ ਅਨੰਤ ਗਿੱਲ ਨੇ ਕਿਹਾ ਕਿ ਮਾ.ਕੁਲਦੀਪ ਚੰਦ ਮੈਂਗੀ ਜੀ ਆਪਣੀ ਇਕ ਕਿਤਾਬ ਜ਼ਰੀਏ ਹਮੇਸ਼ਾ ਸਾਡੇ ਵਿੱਚ ਸ਼ਾਮਿਲ ਰਹਿਣਗੇ। ਪਿੰਡ ਭਲੂਰ ਨੂੰ ਸਦਾ ਉਨ੍ਹਾਂ ‘ਤੇ ਮਾਣ ਰਹੇਗਾ। ਅਨੰਤ ਗਿੱਲ ਨੇ ਆਖਿਆ ਕਿ ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੀਆਂ ਲਿਖਤਾਂ ਵਿੱਚ ਚਰਖਾ, ਤੀਆਂ, ਤ੍ਰਿੰਝਣ, ਪੀਂਘਾਂ, ਔਸੀਆਂ, ਗਲੋਟੇ, ਪਣਖ, ਤਰੰਗੇ ਚੀਰੇ, ਡੋਰੀਏ, ਢਾਰੇ, ਘੁੰਡ, ਡਾਚੀ, ਚਾਟੀ, ਮਧਾਣੀ, ਭੱਤਾ, ਛੰਨਾ, ਮੱਟੀ, ਹਲ , ਕੰਧੋਲੀ, ਗੁੱਲੀ- ਡੰਡਾ, ਪਟੋਲੇ, ਲੱਸੀ ਵਾਲਾ ਕੁੱਜਾ ਅਤੇ ਹੋਰ ਵੀ ਵਿੱਸਰੇ ਵਿਰਸੇ ਦੀ ਨਿਸ਼ਾਨੀ ਸ਼ਬਦ ਚਿੱਤਰਾਂ ‘ਚ ਸਾਂਭੀ ਨਜ਼ਰ ਆਉਂਦੀ ਹੈ। ਮਿਤੀ 2 ਮਾਰਚ 2025 ਦਾ ਸਾਹਿਤਕ ਸਮਾਗਮ ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਨੂੰ ਸਮਰਪਿਤ ਕਰਨਾ ਨੌਜਵਾਨ ਸਾਹਿਤ ਸਭਾ ਭਲੂਰ’ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਗੀਤਕਾਰ ਸੇਖੋਂ ਜੰਡਵਾਲਾ, ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲਾ, ਗੀਤਕਾਰ ਕੁਲਦੀਪ ਕੰਡਿਆਰਾ, ਗਾਇਕ ਦਿਲਬਾਗ ਚਹਿਲ ਅਤੇ ਕਹਾਣੀਕਾਰ ਜਸਕਰਨ ਲੰਡੇ ਉਚੇਚੇ ਤੌਰ ‘ਤੇ ਸ਼ਿਰਕਤ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj