ਉਨ੍ਹਾਂ ਵੇਲਿਆਂ ‘ਚ ਸਾਡੇ ਕੋਲ ਨਾ ਤਾਂ ਟੀ.ਵੀ. ਸੀ ਅਤੇ ਨਾ ਹੀ ਮੋਬਾਈਲ ਫ਼ੋਨ ਪਰ ਉਸਦੇ ਬਾਵਜੂਦ ਵੀ ਸਾਨੂੰ ਕਦੇ ਵੀ ਬੋਰ ਹੋਣ ਦਾ ਅਹਿਸਾਸ ਨਹੀਂ ਹੁੰਦਾ ਸੀ।

(ਸਮਾਜ ਵੀਕਲੀ) ਗਰਮੀਆਂ ਦੀਆਂ ਛੁੱਟੀਆਂ ਹੋਣ ਸਾਰ ਹੀ ਅਸੀਂ ਬਚਪਨ ਵਿੱਚ ਆਪਣੇ ਨਾਨਕੇ ਪਿੰਡ ਸਿੱਧੂ ਪੁਰ (ਲੋਹੀਆਂ) ਜਾਣ ਲਈ ਬਹੁਤ ਉਤਸ਼ਾਹਿਤ ਹੁੰਦੇ ਸੀ। ਦਿਨ ਭਰ ਖੇਡਣ ਮਗਰੋਂ ਰਾਤ ਨੂੰ ਛੱਤ ਉੱਤੇ ਖੁੱਲ੍ਹੇ ਆਸਮਾਨ ਹੇਠ ਸੌਣ ਲਗਿਆ ਨਾਨੀ (ਬੀਬੀ) ਵਲੋਂ ਪਾਈਆਂ ਜਾਣ ਵਾਲੀਆਂ ਬੁਝਾਰਤਾਂ ਬੁਝਣੀਆਂ ਸਾਡੀ ਰੋਜ਼ਾਨਾ ਦੀ ਜ਼ਿੰਦਗ਼ੀ ਦਾ ਹਿੱਸਾ ਬਣੀ ਹੋਈ ਸੀ। ਇਹ ਬੁਝਾਰਤਾਂ ਸਿਰਫ਼ ਮਨੋਰੰਜਨ ਦਾ ਸਰੋਤ ਹੀ ਨਹੀਂ ਸਨ ਸਗੋਂ ਇਹ ਸਾਡੇ ਗਿਆਨ ਨੂੰ ਵੀ ਵਧਾਉਂਦੀਆਂ ਸਨ। ਕਈ ਲੋਕ ਬੁਝਾਰਤਾਂ ਨੂੰ ਬਾਤਾਂ ਦੇ ਨਾਂ ਨਾਲ ਵੀ ਜਾਣਦੇ ਹਨ।
ਉਸ ਵੇਲੇ ਜਦੋਂ ਅਸੀਂ ਆਸਮਾਨ ਵਿੱਚ ਚਮਕਦੇ ਤਾਰਿਆਂ ਨੂੰ ਤੱਕਦੇ ਹੋਏ ਨਾਨੀ ਦੀਆਂ ਬੁਝਾਰਤਾਂ ਬੁੱਝਣ ਦੀ ਕੋਸ਼ਿਸ਼ ਕਰਦੇ ਤਾਂ ਕਈ ਵਾਰ ਹਾਰ ਜਾਂਦੇ ਤੇ ਕਈ ਵਾਰ ਤੀਰ ਤੁੱਕਿਆਂ ਨਾਲ ਸਹੀ ਉੱਤਰ ਦੇ ਵੀ ਦਿੰਦੇ। ਬੀਬੀ ਨੇ ਬੁਝਾਰਤ ਵੀ ਉਹ ਪਾਉਣੀ ਜਿਸਦਾ ਉਤਰ ਵੀ ਸਾਡੇ ਆਲੇ ਦੁਆਲੇ ਪਏ ਸਮਾਨ ਵਿਚੋਂ ਹੀ ਹੋਣਾ। ਇਹ ਖੇਡ ਸਾਡੀ ਦਿਮਾਗੀ ਵਿਕਾਸ ਲਈ ਬਹੁਤ ਮਦਦਗਾਰ ਸਾਬਤ ਹੁੰਦੀ। ਬੁਝਾਰਤਾਂ ਦੇ ਰਾਹੀਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਜੋ ਕਿ ਅਸੀਂ ਆਪਣੇ ਦੋਸਤਾਂ , ਮਿੱਤਰਾ ਨੂੰ ਵੀ ਦੱਸਦੇ। ਉਹ ਸਮਾਂ ਅਸੀਂ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਬਿਤਾਉਂਦੇ।
ਉਨ੍ਹਾਂ ਵੇਲਿਆਂ ‘ਚ ਸਾਡੇ ਕੋਲ ਨਾ ਤਾਂ ਟੀ.ਵੀ. ਸੀ ਅਤੇ ਨਾ ਹੀ ਮੋਬਾਈਲ ਫ਼ੋਨ ਪਰ ਉਸਦੇ ਬਾਵਜੂਦ ਵੀ ਸਾਨੂੰ ਕਦੇ ਵੀ ਬੋਰ ਹੋਣ ਦਾ ਅਹਿਸਾਸ ਨਹੀਂ ਹੁੰਦਾ ਸੀ। ਬੁਝਾਰਤਾਂ, ਲੋਕ ਗੀਤ, ਤੇ ਬਜ਼ੁਰਗਾਂ ਦੀਆਂ ਕਹਾਣੀਆਂ ਹੀ ਸਾਡੇ ਮਨੋਰੰਜਨ ਦੇ ਮੁੱਖ ਸਰੋਤ ਹੁੰਦੀਆਂ ਸਨ। ਅਸੀਂ ਰਾਤ ਭਰ ਹੱਸਦੇ-ਖੇਡਦੇ ਮਨੋਰੰਜਨ ਵੀ ਹੁੰਦਾ ਅਤੇ ਪਰਿਵਾਰਕ ਮੋਹ-ਮਮਤਾ ਵੀ ਵਧਦੀ। ਬੁਝਾਰਤਾਂ ਨੂੰ ਘੜਨ ਅਤੇ ਬੁੱਝਣ ਦੀ ਪ੍ਰਕਿਰਿਆ ਨਾਲ ਸਾਡੀ ਸੋਚਣ-ਸਮਝਣ ਦੀ ਸਮਰੱਥਾ ਵਧਦੀ ਜੋ ਕਿ ਅੱਜ ਦੇ ਬੱਚਿਆਂ ਵਿੱਚ ਘਟਦੀ ਜਾ ਰਹੀ ਹੈ।
ਅੱਜ ਦੇ ਸਮੇਂ ਵਿੱਚ ਬੱਚੇ ਜ਼ਿਆਦਾਤਰ ਸਮਾਂ ਵੀਡੀਓ ਗੇਮਾਂ, ਮੋਬਾਈਲ ਅਤੇ ਟੀ.ਵੀ. ਦੇਖਣ ਵਿੱਚ ਬਿਤਾਉਂਦੇ ਹਨ। ਇਹਨਾਂ ਚੀਜ਼ਾਂ ਨਾਲ ਉਨ੍ਹਾਂ ਦੀ ਸਿਰਫ਼ ਨਜ਼ਰ ਹੀ ਖ਼ਰਾਬ ਨਹੀਂ ਹੁੰਦੀ, ਸਗੋਂ ਸਮਾਜਿਕ ਸੰਬੰਧ ਵੀ ਕਮਜ਼ੋਰ ਹੋ ਰਹੇ ਹਨ। ਬੁਝਾਰਤਾਂ ਦੇ ਰਾਹੀਂ ਬਜ਼ੁਰਗਾਂ ਅਤੇ ਬੱਚਿਆਂ ਦੇ ਵਿਚਕਾਰ ਜੋ ਪਿਆਰ ਅਤੇ ਸਾਂਝ ਬਣਦੀ ਸੀ ਉਹ ਅੱਜ ਘੱਟ ਹੁੰਦੀ ਜਾ ਰਹੀ ਹੈ। ਇਸ ਮਾਡਰਨ ਯੁੱਗ ਵਿੱਚ ਨਾ ਤੇ ਓਹ ਨਾਨੀਆਂ, ਦਾਦੀਆਂ ਰਹੀਆਂ ਜੋ ਬੁਝਾਰਤਾਂ ਪਾਉਣ, ਅਤੇ ਨਾ ਹੀ ਉਹ ਦੋਹਤੇ-ਪੋਤਰੇ ਰਹੇ ਜੋ ਉਨ੍ਹਾਂ ਨੂੰ ਬੁੱਝਣ ਦੀ ਕੋਸ਼ਿਸ਼ ਕਰਨ।
ਬੁਝਾਰਤਾਂ ਸਾਨੂੰ ਸਿਰਫ਼ ਗਿਆਨ ਹੀ ਨਹੀਂ ਸੀ ਦਿੰਦੀਆਂ, ਬਲਕਿ ਸਾਨੂੰ ਆਪਣੀ ਵਿਰਾਸਤ ਅਤੇ ਸਭਿਆਚਾਰ ਨਾਲ ਵੀ ਜੋੜਦੀਆਂ ਹਨ, ਜਿਵੇਂ :-
ਆਰ ਟਾਂਘਾਂ,ਪਾਰ ਟਾਂਘਾਂ
ਵਿੱਚ ਟਲਮ ਟੱਲੀਆਂ
ਆਉਣ ਕੂੰਜਾਂ, ਦੇਣ ਬੱਚੇ
ਨਦੀ ਨਾਵਣ ਚੱਲੀਆਂ
( ਇਸ ਬੁਝਾਰਤ ਦਾ ਉਤਰ ਹੈ ਖੂਹ ਦੀਆਂ ਟਿੰਡਾਂ )
ਇਸ ਤਰ੍ਹਾਂ ਦੀਆਂ ਅਣਗਿਣਤ ਬੁਝਾਰਤਾਂ ਜੋ ਸਾਡੀ ਦਿਮਾਗੀ ਕਸਰਤ ਦੇ ਨਾਲ-ਨਾਲ ਸਾਨੂੰ ਅਮੀਰ ਵਿਰਸੇ ਨਾਲ ਵੀ ਜੋੜਦੀਆਂ ਸਨ। ਅਸੀਂ ਬਚਪਨ ਵਿੱਚ ਜੋ ਪਿਆਰ, ਸਨੇਹ ਅਤੇ ਪਰਿਵਾਰਕ ਇਕੱਠ ਦੇ ਮਾਣਕ ਸਥਾਪਤ ਕੀਤੇ, ਉਹ ਅੱਜ ਦੀ ਪੀੜ੍ਹੀ ਵਿੱਚ ਘੱਟ ਗਏ ਹਨ। ਭਾਵੇਂ ਅੱਜ ਨਾ ਤੇ ਖੂਹ ਹਨ ਅਤੇ ਨਾ ਹੀ ਵਿਚ ਚਲਣ ਵਾਲੀਆਂ ਟਿੰਡਾਂ ਪਰ ਬਜ਼ੁਰਗਾਂ ਦੇ ਤਜਰਬੇ ਅਤੇ ਉਨ੍ਹਾਂ ਦੀ ਸਿੱਖਿਆ ਅੱਜ ਵੀ ਅਮੋਲਕ ਹੈ ਪਰ ਇਹ ਓਦੋਂ ਹੀ ਲਾਭਕਾਰੀ ਹੋ ਸਕਦੀ ਹੈ ਜਦੋਂ ਅਸੀਂ ਉਨ੍ਹਾਂ ਨੂੰ ਸੁਣਣ ਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਾਂਗੇ।
ਅਸੀਂ ਅੱਜ ਵੀ ਇਹ ਪਰੰਪਰਾ ਜਾਰੀ ਰੱਖ ਸਕਦੇ ਹਾਂ। ਬਜ਼ੁਰਗਾਂ ਨਾਲ ਬੈਠਣਾ, ਉਨ੍ਹਾਂ ਦੀਆਂ ਗੱਲਾਂ ਸੁਣਨਾ ਅਤੇ ਬੁਝਾਰਤਾਂ ਵਰਗੀਆਂ ਪੁਰਾਣੀਆਂ ਰੀਤਾਂ ਨੂੰ ਦੁਬਾਰਾ ਜਨਮ ਦੇਣਾ ਇਹ ਸਭ ਅਸੀਂ ਆਪਣੇ ਪਰਿਵਾਰ ਵਿੱਚ ਵਾਪਸ ਲਿਆ ਸਕਦੇ ਹਾਂ। ਬੁਝਾਰਤਾਂ ਦੇ ਰਾਹੀਂ ਅਸੀਂ ਬੱਚਿਆਂ ਵਿੱਚ ਨਵੀਂ ਉਤਸੁਕਤਾ ਜਗਾ ਸਕਦੇ ਹਾਂ ਜੋ ਕਿ ਉਨ੍ਹਾਂ ਨੂੰ ਸਿਰਫ਼ ਗਿਆਨ ਹੀ ਨਹੀਂ ਬਲਕਿ ਪਰਿਵਾਰਕ ਸੰਬੰਧਾਂ ਦੀ ਮਹੱਤਤਾ ਵੀ ਸਿੱਖਾ ਸਕਦੀ ਹੈ।
ਬਲਦੇਵ ਸਿੰਘ ਬੇਦੀ ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



