(ਸਮਾਜਵੀਕਲੀ)
ਮੇਰੀ ਗਲੀਆਂ ਵਰਗੀ ਹੀ ਤਾਂ ਹਨ
ਤੇਰੀਆਂ ਗਲੀਆਂ
ਪੁਰਾਣੇ ਸ਼ਹਿਰ ਦੇ ਅੰਦਰੋ- ਅੰਦਰ
ਕਿਤੇ ਵੀ ਜਾਣਾ ਹੋਵੇ
ਸ਼ਾਰਟ ਕੱਟ ਦੇਂਦੀਆਂ ਸਨ
ਤੇਰੀਆਂ ਗਲੀਆਂ।
ਪਤਾ ਨਹੀਂ ਕਿੰਨੀ ਵਾਰ ਦਿਨ ਵਿੱਚ
ਗੁਜ਼ਰਨਾ ਹੁੰਦਾ ਸੀ ਉੱਧਰੋਂ
ਕਦੇ ਕਾਲਿਜ ਜਾਣ ਲਈ
ਕਦੇ ਮੰਦਰ ਜਾਣ ਲਈ
ਕਦੇ ਬਜ਼ਾਰ ਜਾਣ ਲਈ
ਕਦੇ ਘਰ ਛੇਤੀ ਜਾਣ ਲਈ।
ਕਦੋਂ ਪਤਾ ਸੀ
ਕਿ ਇਨ੍ਹਾਂ ਗਲੀਆਂ ਚੋਂ
ਜਿੱਥੋਂ ਬੇਬਾਕ
ਸਹੇਲੀਆਂ ਨਾਲ ਹੱਸਦੇ ਹਸਾਉਂਦੇ
ਐਵੇਂ ਹੀ ਆਉਣਾ ਜਾਣਾ ਰਹਿੰਦਾ ਸੀ
ਇੱਕ ਦਿਨ ਐਵੇਂ ਹੀ
ਉਧਰੋਂ ਗੁਜਰਨਾ
ਸਾਡੇ ਦਿਲ ਤੇ ਬਣ ਆਵੇਗਾ।
ਨਿਕਲ ਜਾਂਦੇ ਸਨ ਜਿੱਥੋਂ
ਕਦੇ ਐਵੇਂ ਹੀ ਇਤਰਾਉਂਦਿਆਂ
ਆਂਚਲ ਉਡਾਉਂਦਿਆਂ
ਕਦੋਂ ਤੇਰੀਆਂ ਗਲੀਆਂ ਵਿੱਚ
ਡਗਮਗਾਉਂਦੇ ਸਨ ਕਦਮ।
ਛੱਡ ਦਿੱਤਾ ਸੀ ਅਸੀਂ
ਤੇਰੀਆਂ ਗਲੀਆਂ ਵਿੱਚੋਂ ਆਉਣਾ ਜਾਣਾ
ਦਿਲ ਵਿੱਚ ਮੇਰੇ ਚੋਰ ਜੋ ਸੀ
ਡਰ ਸੀ ਕਿ ਪਤਾ ਨਾ ਚੱਲ ਜਾਵੇ
ਮੇਰੇ ਆਪਣੇ ਨੂੰ
ਤੇਰੀ ਗਲੀ ਤੋਂ ਅਗਲਾ
ਮੇਰੀ ਗਲੀ ਦਾ ਮੋੜ ਜੋ ਸੀ।
ਗਲੀ ਗਲੀ ਨਾਲ ਮਿਲਦੀ ਸੀ
ਜਿਵੇਂ ਆਪਣੇ ਦਿਲ ਦੇ ਰਾਹ।
ਪਰ ਸਮੇਂ ਨੂੰ….
ਕੁੱਝ ਹੋਰ ਹੀ ਸੀ ਮੰਜੂਰ
ਇੱਕ ਦਿਨ ਤੇਰੀਆਂ ਗਲੀਆਂ ਤੋਂ
ਮੈਂ ਹੋ ਗਈ ਦੂਰ।
ਹੁਣ ਵੀ…
ਜਦੋਂ ਮਾਪਿਆਂ ਦੇ
ਆਉਣਾ ਜਾਣਾ ਹੁੰਦਾ ਹੈ
ਮੈਂ ਤੇਰੀਆਂ…
ਉਨ੍ਹਾਂ ਗਲੀਆਂ ‘ਚੋਂ ਨਹੀਂ ਜਾਂਦੀ
ਜਾ ਹੀ ਨਹੀਂ ਪਾਉਂਦੀ
ਉਨ੍ਹਾਂ ਗਲੀਆਂ ‘ਚੋਂ
ਕਿ ਕਿਤੋਂ ਅਤੀਤ ਤੋਂ ਨਿਕਲ ਕੇ
ਅੱਜ ਵੀ..
ਫ਼ੜ ਨਾ ਲਵੇ..
ਮੇਰੀ ਪੁਰਾਣੀ ਚੋਰੀ ਕੋਈ।